ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

14

ਅੱਧੀ ਚੁੰਝ ਵਾਲੀ ਚਿੜੀ

ਹਰ ਪਾਸਾ ਆਪਣੇ ਵੱਲ ਵੱਧ ਕਬੂਤਰ ਹੋਣ ਦਾ ਭਰਮ ਪਾਲ ਰਿਹਾ ਸੀ ਅਤੇ ਇਸੇ ਆਧਾਰ 'ਤੇ ਉਹ ਖੁਦ ਨੂੰ ਤਾਕਤਵਰ ਮੰਨ ਰਿਹਾ ਸੀ।

ਤਾਕਤ ਦੇ ਵਿਖਾਵੇ ਨੂੰ ਘੋੜੇ ਚੜ੍ਹਿਆ ਰਾਜਾ ਵੀ ਦੇਖ ਰਿਹਾ ਹੈ। ਇਹ ਉਹਨਾਂ ਦੀ ਸੋਚ ਸੀ।

ਦੋਹਾਂ ਵਿਚਾਲੇ ਬੋਲ-ਬੁਲਾਰਾ ਗਰਮ ਤੋਂ ਗੁਰਮਤਰ ਹੁੰਦਾ ਜਾ ਰਿਹਾ ਸੀ।

ਇਸ ਤਕਰਾਰ ਨੇ ਕਈਆਂ ਦਾ ਧਿਆਨ ਦਾਣਿਆਂ ਤੋਂ ਹਟਾ ਲਿਆ ਸੀ। ਦਾਣੇ ਉਹਨਾਂ ਦੇ ਪੈਰਾਂ ਥੱਲੇ ਆ ਕੇ ਇਧਰ-ਉਧਰ ਖਿਲਰਨ ਲੱਗੇ।

ਦਾਣੇ ਅਤੇ ਚੁੰਝ ਵਿਚਾਲੇ ਫਾਸਲਾ ਕਦੇ ਵੀ ਇਸ ਹੱਦ ਤਕ ਨਹੀਂ ਸੀ ਵਧਿਆ।

ਬੋਲ-ਬਾਣੀ ਦੇ ਨਾਲ-ਨਾਲ ਦੋਹਾਂ ਗੁੱਟਾਂ ਦੇ ਮੋਹਰੀਆਂ ਅਤੇ ਉਹਨਾਂ ਦੇ ਹਮਾਇਤੀਆਂ ਦੀਆਂ ਸਰੀਰਕ ਹਰਕਤਾਂ ਵੀ ਬਦਲਦੀਆਂ ਜਾ ਰਹੀਆਂ ਸਨ।

ਉੱਚੀ ਆਵਾਜ਼ ਦੀ ਜਗ੍ਹਾ ਚੁੰਝਾਂ, ਨਹੁੰਦਰਾਂ ਲੈ ਸਕਦੀਆਂ ਸਨ। ਇਸ ਨਾਲ ਦਾਣਿਆਂ ਉੱਪਰ ਲਹੂ ਦੀ ਪਰਤ ਚੜ੍ਹ ਜਾਣੀ ਸੀ।

ਅਤੇ ਘੋੜੇ ਚੜ੍ਹੇ ਰਾਜੇ ਨੇ ਓਥੇ ਹੀ ਟਿਕੇ ਰਹਿਣਾ ਸੀ। ਵਿਚ ਪੈ ਕੇ ਉਹਨਾਂ ਨੂੰ ਸ਼ਾਂਤ ਨਹੀਂ ਕਰਨਾ ਸੀ।

ਉਸ ਦੇ ਦਖ਼ਲ ਦੇ ਬਿਨਾਂ ਇਕ ਹੋਰ ਖ਼ੂਨੀ ਸਾਕਾ ਵਾਪਰ ਜਾਣਾ ਸੀ।

ਨੌਜਵਾਨ ਕਬੂਤਰ ਦੇ ਫੁੱਲੇ ਫੰਘ ਮੱਠੀ-ਮਿੱਠੀ ਹਵਾ ਨਾਲ ਹਿੱਲ ਰਹੇ ਸਨ। ਉਸ ਦੇ ਸਿਰ ਵਾਲੇ ਫੰਘ ਸਿੱਧੇ ਹੋ ਕੇ ਨਿੱਕੀ ਕਲਗੀ ਦਾ ਭਰਮ ਪਾ ਰਹੇ ਸਨ।

ਇਸ ਕਬੂਤਰ ਨੇ ਆਪਣਾ ਸਿਰ ਨੀਵਾਂ ਕੀਤਾ। ਕੁਛ ਸੋਚਿਆ। ਪਲਾਂ ਵਿਚ ਆਪਣੇ ਪਰਾਂ ਆਸਰੇ ਉਹ ਅਸਮਾਨ ਵਿਚ ਸੀ। ਉਸ ਦੇ ਪਿੱਛੇ ਉਸ ਦੇ ਹਮਦਰਦ ਸਾਥੀ ਵੀ ਵਾਰੋ ਵਾਰੀ ਉਡਾਨ ਭਰਨ ਲੱਗੇ।

ਦੇਖਦਿਆਂ-ਦੇਖਦਿਆਂ ਕਬੂਤਰਾਂ ਦੀ ਬੱਦਲੀ ਅਸਮਾਨ ਵਿਚ ਚੱਕਰ ਕੱਟਣ ਲੱਗੀ। ਇਹ ਪਹਿਲਾਂ ਵਾਂਗ ਸੰਘਣਾ ਨਹੀਂ ਸੀ ਕਿਉਂਕਿ ਕਈ ਕਬੂਤਰ ਥੱਲੇ ਹੀ ਬੈਠੇ ਰਹੇ। ਉਹ ਇਸ ਨੌਜਵਾਨ ਦਾ ਸਾਥ ਨਹੀਂ ਦੇ ਰਹੇ।

ਲਗਦਾ ਸੀ ਜਿਵੇਂ ਉੱਡਦੇ ਕਬੂਤਰ ਖਲਾਅ ਨੂੰ ਮੱਥ ਰਹੇ ਹੋਣ। ਥੱਲੇ ਰਹਿ ਗਏ ਕਬੂਤਰਾਂ ਦੀਆਂ ਧੌਣਾਂ ਪਰਵਾਜ਼ ਦਾ ਪਿੱਛਾ ਕਰ ਰਹੀਆਂ ਸਨ ਅਤੇ ਉਹਨਾਂ ਦੇ ਸੀਨੇ ਧੌਂਕਣੀ ਵਾਂਗ ਉੱਚੇ-ਨੀਵੇਂ ਹੋ ਰਹੇ ਸਨ।