ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਧੀ ਚੁੰਝ ਵਾਲੀ ਚਿੜੀ

"ਅਸੀਂ ਕਿੱਥੇ ਜਾ ਰਹੇ ਹਾਂ?" ਚਿੜੀ ਦੇ ਬੱਚੇ ਨੇ ਆਪਣੀ ਮਾਂ ਤੋਂ ਪੁੱਛਿਆ।

ਉਹ ਕਾਫ਼ੀ ਦੇਰ ਤੋਂ ਪੂਰਬ ਵੱਲ ਉੱਡ ਰਹੇ ਸਨ। ਥਕਾਵਟ ਮਹਿਸੂਸ ਹੋਣ ਕਾਰਨ ਉਹ ਦੋ-ਤਿੰਨ ਵਾਰ ਆਪਣੀ ਮਾਂ ਤੋਂ ਪੁੱਛ ਚੁੱਕਾ ਸੀ।

ਆਖ਼ਰ ਉਸ ਕਹਿ ਹੀ ਦਿੱਤਾ, "ਮੈਥੋਂ ਨਹੀਂ ਉੱਡ ਹੁੰਦਾ। ਥੱਕ ਗਿਆ ਹਾਂ।"

ਇਹ ਕਹਿ ਉਹ ਨੀਵਾਂ ਹੋਇਆ ਅਤੇ ਇਕ ਰੁੱਖ ਦੀ ਟਾਹਣੀ 'ਤੇ ਜਾ ਬੈਠਾ। ਟਾਹਣੀ ਥੋੜ੍ਹੇ ਚਿਰ ਲਈ ਉੱਤੇ-ਥੱਲੇ ਹੋ ਕੇ ਟਿਕ ਗਈ। ਆਪਣੇ ਬੋਟ ਪਿੱਛੇ ਉਤਰੀ ਮਾਂ ਨੇ ਤੇਜ਼ੀ ਨਾਲ ਚਲਦੇ ਸਾਹ ਨਾਲ ਉੱਚੀ-ਨੀਵੀਂ ਹੋ ਰਹੀ ਉਸ ਦੀ ਛਾਤੀ ਵੱਲ ਦੇਖਿਆ। ਮਾਂ ਨੇ ਮਨ ਵਿਚ ਮਹਿਸੂਸ ਕੀਤਾ ਕਿ ਇਹ ਬੱਚਾ ਹਿੰਮਤੀ ਹੈ।

ਬਿਨ ਬੋਲਿਆਂ ਦੋਵੇਂ ਜਣੇ ਇਕ-ਦੂਜੇ ਨੂੰ ਦੇਖਦੇ ਰਹੇ। ਬੱਚੇ ਨੇ ਕੋਲ ਬੈਠਣ ਦਾ ਫ਼ਾਇਦਾ ਲੈਂਦਿਆਂ ਕਿਹਾ, "ਮਾਂ, ਅਸੀਂ ਕਿਸ ਨੂੰ ਮਿਲਣ ਜਾ ਰਹੇ ਹਾਂ? ਆਪਣੇ ਘਰ ਤੋਂ ਤਾਂ ਅਸੀਂ ਬਹੁਤ ਦੂਰ ਆ ਗਏ ਹਾਂ।"

ਚਿੜੀ ਨੇ ਸੋਚਿਆ ਬੱਚੇ ਨੂੰ ਹੁਣ ਦੱਸ ਹੀ ਦੇਣਾ ਚਾਹੀਦਾ ਹੈ ਕਿ ਅਸੀਂ ਕਿੱਧਰ ਜਾ ਰਹੇ ਹਾਂ। ਉਸ ਹੌਲੀ ਜਿਹੀ ਕਿਹਾ, "ਤੂੰ ਕਹਿੰਦਾ ਰਹਿੰਦਾ ਸੀ ਕਿਤੇ ਲੈ ਚੱਲੋ। ਅੱਜ ਤੇਰੀ ਇੱਛਾ ਪੂਰੀ ਕਰਨ ਲੱਗੀ ਹਾਂ। ਅਸੀਂ ਤੇਰੀ ਨਾਨੀ ਕੋਲ ਜਾ ਰਹੇ ਹਾਂ।"

"ਕਿੱਥੇ ਰਹਿੰਦੀ ਹੈ, ਉਹ।"

"ਉਹ ਥਾਂ ਆਉਣ ਹੀ ਵਾਲੀ ਹੈ। ਥੋੜ੍ਹੀ ਦੇਰ ਹੋਰ ਲੱਗੇਗੀ।"

"ਪਹਿਲਾਂ ਕਿਉਂ ਨਹੀਂ ਦੱਸਿਆ। ਨਾਨੀ ਨੂੰ ਤਾਂ ਮੈਂ ਨਹੀਂ ਦੇਖਿਆ। ਕਿਹੋ ਜਿਹੀ ਹੈ ਉਹ... ?" ਉਹਦੇ ਕੋਲ ਪ੍ਰਸ਼ਨਾਂ ਦੀ ਡਾਰ ਸੀ।

ਚਿੜੀ ਨੇ ਉਸ ਦੀਆਂ ਗੱਲਾਂ ਸਬਰ ਨਾਲ ਸੁਣੀਆਂ। ਮਾਂ ਬੱਚਿਆਂ ਦੇ ਸੁਭਾਅ ਨੂੰ ਜਾਣਦੀ ਹੁੰਦੀ ਹੈ।