ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਧੀ ਚੁੰਝ ਵਾਲੀ ਚਿੜੀ

5

ਵਾਲੀ ਚਿੜੀ ਵੱਲ ਇਸ਼ਾਰਾ ਕਰ ਕੇ ਉਸ ਨੇ ਆਪਣੀ ਮਾਂ ਨੂੰ ਪੁੱਛਿਆ, "ਕੀ ਇਹੋ ਹੈ ਮੇਰੀ ਨਾਨੀ?" ਇਹ ਪ੍ਰਸ਼ਨ ਕਰਦੇ ਸਮੇਂ ਉਹ ਇਕ ਸੁਖਾਵੀ ਵਿੱਥ ਉੱਪਰ ਖੜ੍ਹਾ ਰਿਹਾ। ਉਸ ਵਲੋਂ ਚਿਤਵਿਆ ਰੂਪ ਸ਼ਾਇਦ ਇਸ ਰੂਪ ਨਾਲ ਮੇਲ ਨਹੀਂ ਸੀ ਖਾ ਰਿਹਾ।

ਮਾਂ ਨੇ ਪਿਆਰ ਨਾਲ ਕੋਲ ਸੱਦਦਿਆਂ ਉਸ ਨੂੰ ਉਸ ਦੀ ਨਾਨੀ ਨਾਲ ਮਿਲਾਇਆ।

ਗੱਲਾਂ-ਗੱਲਾਂ ਵਿਚ ਚਿੜੀ ਨੇ ਆਪਣੀ ਮਾਂ ਕੋਲੋਂ ਉਸ ਦੀ ਇਹੋ ਜਿਹੀ ਹਾਲਤ ਬਾਰੇ ਪੁੱਛਿਆ, "ਇਹ ਕੀ ਹਾਲ ਕੀਤਾ ਹੈ, ਤੂੰ। ਤੈਨੂੰ ਸਾਰੇ ਅੱਧੀ ਚੁੰਝ ਵਾਲੀ ਚਿੜੀ ਕਿਉਂ ਕਹਿੰਦੇ ਹਨ?"

ਵੱਡੀ ਚਿੜੀ ਨੂੰ ਲੱਗਾ ਜਿਵੇਂ ਉਸ ਨੇ ਉਸਦੀ ਦੁਖਦੀ ਨਾੜ ਉੱਤੇ ਹੱਥ ਰੱਖ ਦਿੱਤਾ ਹੋਵੇ।

ਉਹਦੀਆਂ ਅੱਖਾਂ ਵਿਚ ਪਾਣੀ ਭਰ ਆਇਆ। ਤਾਂ ਵੀ ਉਸ ਨੇ ਕਿਹਾ, "ਤੂੰ ਕੀ ਲੈਣਾ ਇਸ ਤੋਂ। ਤੂੰ ਇਥੇ ਇਕ-ਦੋ ਦਿਨ ਠਹਿਰਨਾ ਹੈ। ਕਿਉਂ ਦੁਖੀ ਹੋ ਰਹੀ ਏਂ?"

ਪਰ ਉਹ ਆਪਣੀ ਜ਼ਿੱਦ ਤੋਂ ਪਿੱਛੇ ਨਾ ਹਟੀ।

ਅੱਧੀ ਚੁੰਝ ਵਾਲੀ ਚਿੜੀ ਨੇ ਕਿਹਾ, "ਆਓ, ਪਹਿਲਾਂ ਆਪਣੇ ਘਰ ਚੱਲੀਏ। ਤੁਸੀਂ ਦੋਵੇਂ ਜਣੇ ਥੱਕੇ ਹੋਵੋਗੇ। ਘਰ ਚੱਲ ਕੇ ਆਰਾਮ ਕਰਦੇ ਹਾਂ। ਗੱਲਾਂ ਕਰਨ ਨੂੰ ਸਾਰੀ ਰਾਤ ਪਈ ਹੈ....।"

ਢਲਦੇ ਸੂਰਜ ਨੂੰ ਪਿੱਠ ਕਰ ਕੇ ਉਹ ਤਿੰਨੇ ਉੱਡ ਪਈਆਂ।

ਸ਼ਾਮ ਦੇ ਸਮੇਂ ਵਿਚ ਸਾਰਾ ਰੁੱਖ ਗਾਉਂਦਾ ਲੱਗ ਰਿਹਾ ਸੀ। ਹਰ ਆਉਣ ਵਾਲੇ ਪਰਿੰਦੇ ਕੋਲ ਆਪਣੇ ਬੋਲ ਸਨ। ਘਰ ਪਹੁੰਚਣ ਦੀ ਖੁਸ਼ੀ ਉਹਨਾਂ ਦੀ ਆਵਾਜ਼ ਨੂੰ ਹੋਰ ਰਸਦਾਰ ਬਣਾ ਰਹੀ ਸੀ।

ਜਿਵੇਂ-ਜਿਵੇਂ ਹਨ੍ਹੇਰਾ ਹੁੰਦਾ ਗਿਆ, ਰੁੱਖ ਖ਼ਾਮੋਸ਼ ਹੋਣ ਲੱਗਾ। ਫੇਰ ਉਹ ਆਪਣੇ ਪਰਿਵਾਰ ਸਮੇਤ ਸੌਂ ਗਿਆ। ਸਿਰਫ਼ ਅੱਧੇ ਚੁੰਝ ਵਾਲੀ ਚਿੜੀ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਉਹ ਆਪਣੇ ਬੱਚਿਆਂ ਨਾਲ ਗੱਲਬਾਤ ਕਰ ਰਹੀ ਸੀ।

ਗੱਲਾਂ-ਗੱਲਾਂ ਵਿਚ ਚਿੜੀ ਨੇ ਆਪਣੀ ਮਾਂ ਨੂੰ ਕਿਹਾ ਕਿ ਇਹ ਥਾਂ ਬਦਲੀ ਹੋਈ ਲੱਗਦੀ ਹੈ।

ਇਸ ਗੱਲ ਤੋਂ ਪਰੇਸ਼ਾਨ ਹੋਈ ਮਾਂ ਨੇ ਹਾਂ ਵਿਚ ਸਿਰ ਹਿਲਾਉਂਦਿਆਂ ਕਿਹਾ,