ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

6

ਅੱਧੀ ਚੁੰਝ ਵਾਲੀ ਚਿੜੀ

"ਬੱਚੀਏ, ਤੂੰ ਠੀਕ ਕਹਿ ਰਹੀ ਏਂ। ਪਹਿਲਾਂ ਇਹ ਸਾਰੀ ਥਾਂ ਹਰੀ-ਭਰੀ ਹੁੰਦੀ ਸੀ। ਤੂੰ ਤਾਂ ਦੇਖੀ ਆ। ਇਥੇ ਕਿਸੇ ਚੀਜ਼ ਦਾ ਅੰਤ ਨਹੀਂ ਸੀ। ਭਾਂਤ-ਭਾਂਤ ਦੇ ਰੁੱਖ, ਜਾਨਵਰ, ਪਰਿੰਦੇ ਬਿਨਾਂ ਕਿਸੇ ਰੋਕ-ਟੋਕ ਦੇ ਵਸ-ਰਸ ਰਹੇ ਸਨ।

ਵਰ੍ਹਿਆਂ ਤੋਂ ਚੱਲੇ ਆ ਰਹੇ ਜੀਵਨ ਵਿਚ ਇਕ ਦਿਨ ਅਜਿਹਾ ਖਲਲ ਪਿਆ ਕਿ ਸਭ ਕੁਝ ਹੀ ਬਦਲ ਗਿਆ।"

ਅੱਧੀ ਚੁੰਝ ਵਾਲੀ ਚਿੜੀ ਦੀਆਂ ਅੱਖਾਂ ਅੱਗੋਂ ਬੀਤਿਆ ਹੋਇਆ ਸਾਰਾ ਦ੍ਰਿਸ਼ ਇਕ ਵਾਰ ਫੇਰ ਘੁੰਮ ਗਿਆ। ਉਹ ਬੋਲਦੀ-ਬੋਲਦੀ ਥੋੜ੍ਹੀ ਦੇਰ ਵਾਸਤੇ ਰੁਕ ਗਈ। ਭਿੱਜੀਆਂ ਅੱਖਾਂ ਨਾਲ ਉਹ ਮੁੜ ਬੋਲੀ, “ਉਸ ਦਿਨ ਤੋਂ ਬਾਅਦ ਇਥੇ ਆਦਮੀ ਤੇ ਮਸ਼ੀਨ ਦਾ ਰਾਜ ਹੋ ਗਿਆ। ਠੰਢੀਆਂ ਛਾਵਾਂ ਵਾਲੇ ਰੁੱਖ ਉਹਨਾਂ ਨੇ ਬੇਰਹਿਮੀ ਨਾਲ ਵੱਢ ਦਿੱਤੇ। ਜਿਥੇ ਧੁੱਪ ਨੇ ਕਦੇ ਜ਼ਮੀਨ ਨਹੀਂ ਸੀ ਛੋਹੀ ਓਥੇ ਹੁਣ ਉਹ ਸਵੇਰ ਤੋਂ ਸ਼ਾਮ ਤਕ ਵਿਛੀ ਰਹਿੰਦੀ ਹੈ।

ਆਲ੍ਹਣਿਆਂ ਵਾਲਿਆਂ ਨੇ ਖੂਬ ਸ਼ੋਰ ਮਚਾਇਆ। ਕਈ ਨਿੱਕੇ-ਵੱਡੇ ਜਾਨਵਰਾਂ ਨੇ ਆਉਣ ਵਾਲਿਆਂ ਨੂੰ ਵੰਗਾਰਿਆ ਪਰ ਉਹਨਾਂ ਕਿਸੇ ਉੱਪਰ ਦਇਆ ਨਾ ਦਿਖਾਈ।

ਕੱਟੇ ਹੋਏ ਰੁੱਖਾਂ ਦੀਆਂ ਜੜ੍ਹਾਂ, ਸਾਡੀਆਂ ਹੱਡੀਆਂ ਅਤੇ ਲਹੂ ਇਹਨਾਂ ਇਮਾਰਤਾਂ ਅਤੇ ਸੜਕਾਂ ਥੱਲੇ ਪਏ ਹਨ।"

ਆਪਣੀ ਮਾਂ ਦੀ ਗੱਲ ਸੁਣ ਚਿੜੀ ਠਰੀ ਜਾ ਰਹੀ ਸੀ। ਨਾਨੀ ਨੂੰ ਮਿਲਣ ਆਏ ਬੱਚੇ ਨੂੰ ਅਜੇ ਤਕ ਆਪਣਾ ਮੂੰਹ ਖੋਲ੍ਹਣ ਦਾ ਮੌਕਾ ਨਹੀਂ ਸੀ ਮਿਲਿਆ। ਉਹ ਇਹੋ ਜਿਹੇ ਸੰਸਾਰ ਤੋਂ ਬਿਲਕੁਲ ਅਣਜਾਣ ਸੀ।

ਹਨ੍ਹੇਰੇ ਵਿਚ ਕੀਤੀ ਜਾ ਰਹੀ ਦਰਦ ਦੀ ਗੱਲ ਦਾ ਅਸਰ ਦੋਹਰਾ-ਤੇਹਰਾ ਹੋ ਰਿਹਾ ਸੀ।

ਮਾਹੌਲ ਬਦਲਣ ਲਈ ਚਿੜੀ ਨੇ ਹਿੰਮਤ ਕਰ ਕੇ ਆਪਣੀ ਮਾਂ ਤੋਂ ਪੁੱਛਿਆ ਕਿ ਉਹ ਚੋਗਾ ਚੁਗਣ ਏਨੀ ਦੂਰ ਕਿਉਂ ਜਾਂਦੀ ਹੈ। ਉਸ ਨੂੰ ਨਹੀਂ ਸੀ ਪਤਾ ਕਿ ਹਰ ਨਿੱਕੀ ਜਿਹੀ ਗੱਲ ਦੀਆਂ ਤੰਦਾਂ ਵੀ ਉਸੇ ਘਟਨਾ ਨਾਲ ਜਾ ਜੁੜਦੀਆਂ ਹਨ।

ਅੱਧੀ ਚੁੰਝ ਵਾਲੀ ਚਿੜੀ ਨੇ ਦੱਸਿਆ, "ਉਸ ਥਾਂ ਨਾਲ ਮੈਨੂੰ ਮੋਹ ਹੈ। ਮੇਰਾ ਆਲ੍ਹਣਾ ਓਥੇ ਹੀ ਕਿਸੇ ਰੁੱਖ 'ਤੇ ਸੀ। ਉਹ ਰੁੱਖ ਹੁਣ ਸੜਕ ਥੱਲੇ ਦੱਬਿਆ ਪਿਆ ਹੈ...।"

ਉਸ ਨੂੰ ਆਪਣੀ ਗੱਲ ਦਾ ਹੁੰਗਾਰਾ ਨਾ ਮਿਲਦਾ ਦੇਖ ਉਸ ਨੇ ਚਿੜੀ ਨੂੰ ਥੋੜ੍ਹਾ