ਪੰਨਾ:ਆਂਢ ਗਵਾਂਢੋਂ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਕਿੰਨੀ ਵਾਰੀ ਸੁਣ ਚੁਕੀ ਸੀ ।

ਗਫੂਰ ਬੋਲਿਆ:

'ਚਿਰ ਨਾ ਕਰ ਬੇਟੀ, ਤੁਰ, ਪਉ, ਬੜੀ ਦੂਰ ਜਾਣਾ ਏ।'

ਅਮੀਨਾ ਨੇ ਪਾਣੀ ਦਾ ਗਡਵਾ ਤੇ ਪਿੱਤਲ ਦੀ ਥਾਲੀ ਨਾਲ ਚੁਕ ਲਏ। ਇਹੋ ਉਸ ਘਰ ਵਿਚ ਉਨ੍ਹਾਂ ਦੀ ਜਾਇਦਾਦ ਸੀ। ਗਫੂਰ ਨੇ ਵੇਖ ਕੇ ਆਖਿਆ:

ਇਹ ਸਾਰਾ ਕੁਝ ਇਥੇ ਹੀ ਰਹਿਣ ਦੇ ਬੇਟੀ! ਇਨ੍ਹਾਂ ਨਾਲ ਜ਼ਿਮੀਂਦਾਰ ਸਾਹਿਬ ਸਾਡੇ ਮਹੇਸ਼ ਦੇ ਪਾਪ ਦਾ ਪ੍ਰਾਸਚਿਤ ਕਰਨਗੇ।'

ਰਾਹ ਦੇ ਗੂੜੇ ਹਨੇਰੇ ਵਿਚ ਗਫੂਰ ਅਮੀਨਾ ਦਾ ਹੱਥ ਫੜੀ ਬਾਹਰ ਨਿਕਲ ਗਿਆ। ਪਿੰਡ ਵਿਚ ਉਸ ਦਾ ਕੋਈ ਮਿੱਤਰ ਜਾਂ ਸਰਬੰਧ ਨਹੀਂ ਸੀ। ਉਸ ਨੇ ਕਿਸੇ ਨੂੰ ਵੀ ਕੁਝ ਕਹਿਣਾ ਸੁਣਨਾ ਨਹੀਂ ਸੀ। ਵੇਹੜਾ ਲੰਘ ਕੇ ਸੜਕ ਦੇ ਕੰਢੇ · ਕਿੱਕਰ ਦਾ ਬ੍ਰਿਛ ਵੇਖ ਕੇ ਗਫੂਰ ਖਲੋ ਗਿਆ ਤੇ ਉਥੇ ਹੀ ਖੜੋ ਕੇ ਉਹ ਜ਼ੋਰ ਨਾਲ ਉਚੀ ਉਚੀ ਰੋਣ ਲਗਾ, ਉਸ ਦੀਆਂ ਅੱਖਾਂ ਵਿਚੋਂ ਹੜ ਤੇ ਮੂੰਹ ਵਿਚੋਂ ਚੀਕਾਂ ਨਿਕਲ ਰਹੀਆਂ ਸਨ। ਉਸ ਤਾਰਿਆਂ ਵਾਲੇ ਜਗਮਗਾਂਦੇ ਅਕਾਸ਼ ਵਲ ਵੇਖ ਕੇ ਆਖਿਆ:

"ਐ ਖੁਦਾ! ਮੈਨੂੰ ਰੱਜ ਰੱਜ ਕੇ ਸਜ਼ਾ ਦਈ, ਮੇਰਾ ਮਹੇਸ਼ ਇਸ ਵਸਦੀ ਦੁਨੀਆ ਵਿਚ ਭੁਖਾ ਤੇ ਤਿਹਾਇਆ ਮਰ ਗਿਆ। ਉਸ ਦੇ ਚਰਨ ਲਈ ਧਰਤੀ ਕਿਸੇ ਨਹੀਂ ਛੱਡੀ। ਤੇਰੀਆ ਬਖ਼ਸ਼ਸ਼ਾਂ ਦੇ ਮੈਦਾਨਾਂ ਦਾ ਘਾਹ ਵੀ ਨਾ ਚਰਨ ਦਿਤਾ, ਤੇਰਾ ਅਤੁਟ ਪਾਣੀ ਵੀ ਉਸ ਨੂੰ ਕਿਸੇ ਨਾ ਪੀਣ ਦਿਤਾ, ਮੇਰਿਆ ਰੱਬਾ! ਉਨ੍ਹਾਂ ਸਾਰਿਆਂ ‘ਗਉ ਰਖਸ਼ਾਂ' ਨੂੰ ਖਿਮਾਂ ਬਖ਼ਸ਼ੀ - ਇਹੋ ਮੇਰਾ ਪ੍ਰਾਸਚਿਤ ਹੈ।"

-੧੦੪-