ਪੰਨਾ:ਆਂਢ ਗਵਾਂਢੋਂ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਪਾਣੀ ਨਾਲ ਦੋਸਤੀ ਚੰਗੀ ਨਹੀਂ, ਛਡ ਦੇ ਇਸ ਦੀ ਮਿੱਤ੍ਰਤਾ ਨੂੰ!" ਕਿੰਨੀ ਔਖੀ ਗੱਲ ਹੈ। ਪਿਤਾ ਦੇ ਮਮਤਾ ਭਰੇ ਹਿਰਦੇ ਨੂੰ ਵੀ ਨਹੀਂ ਦੁਖਾਇਆ ਜਾ ਸਕਦਾ, ਪਰ ਉਹ ਪਾਣੀ ਨਾਲ ਦੋਸਤੀ ਨਾ ਰਖੇ? ਤਾਂ ਹੋਰ ਕਿਸ ਦੇ ਨਾਲ ਰਖੇ? ਤੇ ਉਹ ਥਾਂ, ਜਿਥੇ ਉਸ ਦੀ ਮਾਤਾ ਡੁਬੀ ਹੈ ਤੇ ਜਿਥੇ ਨਾਨੀ ਦੀ ਮੌਤ ਹੋਈ ਹੈ। ਔਹ! ਉਹ ਤਾਂ ਉਸ ਲਈ ਪੂਜਾ ਦੀ ਥਾਂ ਹੈ। ਉਹ ਉਸ ਦੀ ਪਿਆਰੀ ‘ਝਾਂਜਰੀ' ਹੈ। ਉਥੋਂ ਦੀਆਂ ਸੁੰਦਰ ਲਹਿਰਾਂ ਦੇ ਖੇਲ, ਉਥੇ ਉਠਦੀਆਂ ਸੰਗੀਤਕ ਲਹਿਰਾਂ ਹੀ ਤਾਂ ਉਸ ਦੀ ਜੀਵਨ-ਲਹਿਰ ਹੈ। ਉਨ੍ਹਾਂ ਲਹਿਰਾਂ ਤੇ ਘੁੰਮਣਘੇਰਾਂ ਦਾ ਐਧਰ-ਉਧਰ ਮੁੜਨਾ ਕਿੰਨਾ ਹੀ ਸੁੰਦਰ ਹੈ ਤੇ ਕਿੰਨਾ ਭਿਆਨਕ ਵੀ ਹੈ।

ਸ਼ਾਇਰ ਮਿਜਾਜ਼ ਲੋਕਾਂ ਨੇ ਉਸ ਨੂੰ ‘ਜਲ ਸੁੰਦਰੀ' ਤੇ ਪੈਰਾਂ ਦੀ ਪੰਜੇਬ ਨਾਲ ਉਪਮਾ ਦੇ ਕੇ 'ਝਾਂਜਰੀ' ਆਖਣਾ ਸ਼ੁਰੂ ਕਰ ਦਿਤਾ ਸੀ। ਕਿੰਨੀ ਵਾਰੀ ਉਸ ਨੇ ਇਕੱਲਿਆਂ ਹੀ ਉਸ ‘ਝਾਂਜਰੀ' ਤੇ ਆਪਣੀ ਨਿਕੀ ਜਹੀ ‘ਡੌਗੀ' ਕਿਸੇ ਬੇੜੀ ਦੀ ਸ਼ਕਲ ਵਾਲੀ, ਇਕੱਲਿਆਂ ਚਲਾਈ ਤੇ ਪਾਣੀ ਉਪਰ ਨਚਾਈ ਸੀ। ਕਿੰਨੀ ਵਾਰੀ ਇਸ ਤਰਾਂ ਬੇੜੀ ਨਚਾਂਦਿਆਂ ਲਹਿਰਾਂ ਦੇ ਝਣਕਾਰ ਦਾ ਅਨੰਦ ਪ੍ਰਾਪਤ ਕਰਦਿਆਂ, ਉਸ ਆਪਣੇ ਆਪ ਨੂੰ ‘ਰਾਜ ਰਾਣੀ' ਪ੍ਰਤੀਤ ਕੀਤਾ ਸੀ। ਤੇ ਉਸੇ ਝਾਂਜਰੀ ਵਿਚ ਉਸ ਦੀ ਮਾਤਾ ਨੇ, ਨਾਨੀ ਨੇ, ਨਾਨੀ ਦੀ ਨਾਨੀ ਨੇ, ਤੇ ਹੋਰ ਕਈ ਵਡ-ਵਡੇਰੇ ਵੀ ਅਜਾਗ ਨੀਂਦ ਸੁਤੇ ਪਏ ਸਨ। ਹਾਂ, ਉਹ ਉਸਦੀ ਮਾਤਾ ਦਾ ਅਸਲੀ ਘਰ ਹੈ, ਤਾਂ ਫਿਰ ਕੀ ਉਸ ਦੀ ਧੀ ਨਾਨਕੇ ਨਾ ਜਾਏਗੀ? ਇਸ ਵਿਚ ਡਰ ਕੀ ਹੈ? ਪਰ ਜਲਦੀ ਹੀ ਉਸ ਦੇ ਦਿਲ ਵਿਚ ਖ਼ਿਆਲ ਆਇਆ:

'ਬਾਪੂ?' ਉਹ ਬੋਲ ਪਈ, 'ਮਾਂ ਤੇ ਨਾਨੀ, ਸਾਰੀਆਂ ਵਿਆਹ ਮਗਰੋਂ ਹੀ ਤਾਂ ਡੁਬੀਆਂ ਸਨ ਨਾ?'

-੧੦੭-