ਪੰਨਾ:ਆਂਢ ਗਵਾਂਢੋਂ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਹੀ ਅਸਾਂ ਭਰਾਵਾਂ ਵਿਚ ਫੁਟ ਪਾਣ ਦੀ ਕੋਈ ਕੋਸ਼ਸ਼ ਕਰੇ, ਤਾਂ ਉਸ ਨੂੰ ਵੀ ਸਾਫ਼ ਆਖ ਦਿਤਾ ਜਾਏ:

'ਰੂਪਾਂ! ਆਪਣਾ ਰਾਹ ਫੜ, ਅਸੀਂ ਨਿਖੜ ਨਹੀਂ ਸਕਦੇ।'

‘ਪਰ ਯਾਰ ਦੇਵਾਂ ਇਉਂ ਨਾ ਆਖ - ਰੂਪਾਂ ਰੂਪਾਂ ਹੀ ਹੈ, ਬਿਲਕੁਲ ਸੁੰਦਰਤਾ ਦੀ ਪਰੀ - ਰੂਪ ਦਾ ਪ੍ਰਤੱਖ ਨਮੂਨਾ।'

‘ਭਰਾ! ਜੇ ਉਹ ਤੇਰੇ ਭਾਗਾਂ ਵਿਚ ਹੈ, ਤਾਂ ਨਿਸਚੇ ਜਾਣ ਮੈਂ ਕਦੀ ਨਿਰਾਸ਼ ਨਹੀਂ ਹੋਵਾਂਗਾ, ਪਰੰਤੂ ਮੇਰਾ ਫ਼ੈਸਲਾ ਹੈ ਕਿ ਮੈਂ ਸਾਰੀ ਉਮਰ ਕਿਸੇ ਹੋਰ ਨਾਲ ਸ਼ਾਦੀ ਨਹੀਂ ਕਰਾਂਗਾ।'

'ਪਰ ਤੈਨੂੰ ਇਕ ਇਕਰਾਰ ਕਰਨਾ ਪਏਗਾ।'

‘ਕੀ?'

‘ਰੂਪਾਂ ਦਾ ਪਹਿਲਾ ਬੱਚਾ ਮੈਨੂੰ ਦਿਤਾ ਜਾਏ।'

'ਕਿਉਂ?'

'ਕਿਉਂ? ਕਿਉਂਕਿ ਉਸ ਬੱਚੇ ਵਿਚ ਮੈਂ ਤੁਸਾਂ ਦੋਹਾਂ ਨੂੰ ਹੀ ਵੇਖ ਸਕਦਾ ਹਾਂ, ਉਸ ਵਿਚ ਤੁਸਾਂ ਦੋਹਾਂ ਦੀਆਂ ਆਤਮਾਂ ਮੈਨੂੰ ਮਿਲਣਗੀਆਂ, ਉਸ ਦਾ ਮਿਠਾ ਖ਼ਿਆਲ ਮੇਰੇ ਲਈ ਰੂਪਾਂ ਦਾ ਹੀ ਪਿਆਰ ਹੈ। ਮੈਥੋਂ ਰੂਪਾਂ ਖੋਹੀ ਜਾ ਸਕਦੀ ਹੈ, ਪਰ ਉਸ ਦਾ ਪਿਆਰਾ ਬੱਚਾ ਤੁਸਾਂ ਦੋਹਾਂ ਨੂੰ ਲੈ ਕੇ ਮੇਰੇ ਕੋਲ ਆ ਸਕਦਾ ਹੈ - ਮੇਰੇ ਲਈ ਰੂਪਾਂ ਦਾ ਬੱਚਾ ਹੀ ਕਾਫੀ ਹੈ।'

'ਵਾਹ! ਕਿਡਾ ਸੋਹਣਾ ਖ਼ਿਆਲ ਹੈ, ਜਾਣੋ ਤੂੰ ਮੇਰੇ ਦਿਲ ਦਾ ਭੇਦ ਚੁਰਾ ਲਿਆ ਹੈ', ਲੰਬਾ ਹੌਕਾ ਭਰ ਕੇ ਸੋਮਾ ਨੇ ਆਖਿਆ।

‘ਕਈ ਵਾਰੀ ਕਿੰਨੇ ਖ਼ਿਆਲ ਆਪੋ ਵਿਚ ਮਿਲਦੇ ਹਨ, ਇਸੇ ਲਈ ਹੀ ਸ਼ਾਇਦ ਅਸਾਂ ਦੋਹਾਂ ਨੇ ਇਕੋ ਇਸਤ੍ਰੀ ਨਾਲ ਪਿਆਰ ਪਾਇਆ ਹੋਵੇ।'

ਅਜ ਸੋਮਵਾਰ ਸੀ, ਸੋਮਵਾਰ ਆ ਗਿਆ। ਅੱਜ ਰੂਪਾਂ ਨੂੰ ਮਿਲਣਾ ਹੈ। ਦੋਵੇਂ ਹੀ ਟੁਰ ਪਏ। ਰਾਹ ਵਿਚ ਦੋਵੇਂ ਹੀ ਗੱਲਾਂ

-੧੧੫-