ਪੰਨਾ:ਆਂਢ ਗਵਾਂਢੋਂ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰੰਤੂ ਉੱਤਰ ਦੇਣ ਦੀ ਵੀ ਹੋਸ਼ ਸੋਮਾਂ ਨੂੰ ਨਹੀਂ ਸੀ। ਉਹ ਇਸ ਵੇਲੇ ਝਾਂਜਰੀ ਦੇ ਘੇਰੇ ਵਿਚ ਸੀ। ਦੇਵਾਂ ਬੜੀ ਤੇਜ਼ੀ ਨਾਲ ਸੋਮਾਂ ਕੋਲ ਪੁਜਾ। ਅਸਲ ਵਿਚ ਸੋਮਾਂ ਡੁਬ ਹੀ ਚਲਿਆ ਸੀ ਕਿ ਦੇਵਾਂ ਨੇ ਉਸ ਨੂੰ ਆਪਣੇ ਖਬੇ ਮੋਢੇ ਤੇ ਚੁਕ ਲਿਆ - ਝਾਂਜਰੀ ਨੂੰ ਆਪਣਾ ਸਰੀਰ ਦੇ ਕੇ, ਉਸ ਸੋਮਾਂ ਦੀ ਰਖਿਆ ਕੀਤੀ । ਉਹ ਲੰਬੇ ਲੰਬੇ ਸਾਹ ਲੈਂਦਾ ਬੜੀ ਕਠਨਤਾਈ ਨਾਲ ਭੰਵਰ ਵਿਚੋਂ ਨਿਕਲਿਆ, ਜਦ ਸੋਮਾਂ ਦੀ ਸ਼ਰਤ ਥਾਂ ਸਿਰ ਆਈ ਤਾਂ ਉਹ ਦੇਵਾਂ ਵਲ ਮੂੰਹ ਕਰਕੇ ਬੋਲਿਆ:

‘ਦੇਵਾਂ, ਰੂਪਾਂ ਤੇਰੀ ਹੈ, ਤੂੰ ਉਸ ਨਾਲ ਵਿਆਹ ਕਰੀਂ।'

'ਇਹ ਕਿਵੇਂ ਹੋ ਸਕਦਾ ਹੈ? ਆਪਣੇ ਜੀਵਨ ਨੂੰ ਖ਼ਤਰੇ ਵਿਚ ਪਾ ਕੇ ਤੂੰ ਏਥੇ ਪੁਜਾ ਹੈਂ, ਤੂੰ ਆਇਆ ਮੇਰੇ ਤੋਂ ਪਹਿਲਾਂ ਹੈਂ, ਰੂਪਾਂ ਤੇਰੀ ਹੈ।'

'ਨਹੀ, ਜੇ ਤੂੰ ਮੇਰੀ ਮਦਦ ਲਈ ਨਾ ਦੌੜਦਾ ਤਾਂ ਮੈਂ ਡੁਬ ਚੁਕਾ ਸੀ। ਇਹ ਤਾਂ ਮੇਰੀ ਦੂਜੀ ਜ਼ਿੰਦਗੀ ਹੈ, ਮੈਂ ਰੂਪਾਂ ਤੇਰੇ ਹਵਾਲੇ ਕਰਦਾ ਹਾਂ।

‘ਜਾ ਜਾ, ਪਾਗਲਾਂ ਵਾਂਗ ਗੱਲਾਂ ਨਾ ਕਰ, ਰੂਪਾਂ ਤੇਰਾ ਰਾਹ ਪਈ ਤਕਦੀ ਆ।'

ਇਹ ਆਖਦੇ ਹੋਏ ਦੋਵਾਂ ਨੇ ਝਾਂਜਰੀ `ਚੋਂ ਨਿਕਲਣ ਲਈ ਹਥ ਪੈਰ ਮਾਰਨੇ ਸ਼ੁਰੂ ਕੀਤੇ। ਅਖੀਰ ਕੁਝ ਹੀ ਮਿੰਟਾਂ ਮਗਰੋਂ ਦੋਵੇਂ ਮੁੜ ਕੰਢੇ ਉਪਰ ਆਣ ਪੁਜੇ।

***

ਰੂਪਾਂ ਕਿਨਾਰੇ ਉਪਰ ਖਲੋਤੀ ਦੋਹਾਂ ਦੀ ਉਡੀਕ ਕਰ ਰਹੀ ਸੀ। ਦੋਵੇਂ ਮਿੱਤਰ ਇਕ ਦੂਜੇ ਗਲ ਬਾਹਵਾਂ ਪਾਈ ਪਿੰਡਿਆਂ ਨਾਲ ਰੂਪਾਂ ਦੇ ਸਾਹਮਣੇ ਆਣ ਖਲੋਤੇ।

-੧੨੨-