ਪੰਨਾ:ਆਂਢ ਗਵਾਂਢੋਂ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਬਾਰਾਂ ਆਨਿਆਂ ਦੀ ਲੰਬੀ ਰਕਮ ਗਿਣੀ - ਇਕ, ਦੋ, ਤਿੰਨ, ਅਖੀਰ ਉਹ ਬਾਰਾਂ ਆਨਿਆਂ ਉਪਰ ਆਣ ਪੁਜੀ।

ਉਹ ਚੌਥੀ ਵਿਚ ਪੜ੍ਹਦੀ ਸੀ, ਨਿੱਕੀ ਜਹੀ ਮਾਸੂਮ ਕੁੜੀ, ਪੈਸੇ ਦੋ ਪੈਸੇ ਤੋਂ ਵੱਧ ਰਕਮ ਉਸ ਦੇ ਹੱਥ ਨਹੀਂ ਸੀ ਆਉਂਦੀ। ਸਕੂਲ ਵਿਚ ਉਸ ਨੂੰ ਹਿਸਾਬ ਦੀ ਟਲੀ ਗਿਣਤੀ ਸਿਖਾਈ ਜਾਂਦੀ। ਚੌਂਠ ਪੈਸੇ ਹੋਣ ਤਾਂ ਇਕ ਰੁਪਿਆ, ਅਠਤਾਲੀ ਪੈਸਿਆ ਦੇ ਬਾਰਾਂ ਆਨੇ, ਸੋਲਾਂ ਆਨਿਆਂ ਵਿਚੋਂ ਚਾਰ ਆਨੇ ਕਢਿਆਂ ਬਾਰਾਂ ਆਨੇ ਰਹਿ ਜਾਂਦੇ ਹਨ। ਤਿੰਨ ਚੁਆਨੀਆਂ, ਛੀ ਦੁਆਨੀਆਂ, ਉਹ ਕਿੰਨਾ ਚਿਰ ਬਾਰਾਂ ਆਨਿਆਂ ਬਾਬਤ ਸੋਚਦੀ ਰਹੀ, ਪਰ ਇਹ ਮਨ-ਘੜਤ ਦੁਨੀਆਂ ਦੇ ਪੈਸੇ ਨਹੀਂ ਸਨ, ਇਹ ਤਾਂ ਹਿਸਾਬ ਦੀ ਗਿਣਤੀ ਦੇ ਪੈਸੇ ਸਨ, ਦੁਨੀਆਂ ਦੇ ਕਾਰ ਵਿਹਾਰ ਲਈ ਤਾਂਬੇ ਦੇ ਪੈਸੇ ਚਾਹੀਦੇ ਸਨ ਤੇ ਤਾਂਬੇ ਦੇ ਪੈਸਿਆਂ ਨਾਲ ਹੀ ਪਟਾ ਖ਼ਰੀਦਿਆ ਜਾ ਸਕਦਾ ਸੀ। ਜੇ ਹਿਸਾਬ ਦੀ ਪੋਥੀ ਵਾਂਗੂ, ਪੰਜ ਹਜ਼ਾਰ ਦਾ ਸੋਨ, ਤਿੰਨ ਸੌ ਦਾ ਕੱਪੜਾ, ਡੂਢ ਸੌ ਦੀ ਮੰਝ ਖ਼ਰੀਦੀ ਜਾ ਸਕਦੀ ਸੀ, ਤਾਂ ਉਹ ਬਾਰਾਂ ਆਨਿਆਂ ਦਾ ਪੱਟਾ ਵੀ ਖ਼ਰੀਦ ਲੈਂਦੀ, ਪਰ ਦੁਕਾਨਦਾਰ ਨੂੰ ਨਕਦ ਪੈਸੇ ਚਾਹੀਦੇ ਸਨ। ਕਿਤਨਾ ਚਿਰ ਉਪਰ ਪੱਟੇ ਵਲ ਉਹ ਵੇਖਦੀ ਰਹੀ। ਕਿਤਾਬਾਂ ਵਾਲਾ ਬਸਤਾ ਉਸ ਦੇ ਗਲ ਵਿਚ ਲਟਕ ਰਿਹਾ ਸੀ। ਉਂਗਲਾਂ ਉਪਰ ਬਾਰਾਂ ਆਨਿਆਂ ਦੀ ਗਿਣਤੀ ਸੀ। ਉਸ ਦੀ ਮਾਸੂਮ ਹਿਕ ਅੰਦਰ ਨਿੱਕਾ ਜਿਹਾ ਦਿਲ ਧੜਕ ਰਿਹਾ ਸੀ, ਜਿਸ ਵਿਚੋਂ ਇਸ ਵੇਲੇ ਬਾਰਾਂ ਆਨਿਆਂ ਦੀ ਅਵਾਜ਼ ਧਕ ਧਕ ਕਰ ਕੇ ਆ ਰਹੀ ਸੀ।

****

ਸਕੂਲ ਜਾਂਦਿਆਂ, ਸਕੂਲੋਂ ਮੁੜ ਕੇ ਆਉਂਦਿਆਂ, ਉਸ

-੪੧-