ਪੰਨਾ:ਆਂਢ ਗਵਾਂਢੋਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਟੀ ਦੇ ਬੂਹੇ ਵਿਚੋਂ ਲੰਘ ਕੇ ਪੱਟੇ ਉਪਰ ਪੈਂਦੀਆਂ ਤਾਂ ਨੌਜਵਾਨ ਸਜ-ਵਿਆਹੀ ਮੁਟਿਆਰ ਵਾਂਗੂ ਪਟੇ ਦੀਆਂ ਗਲ੍ਹਾਂ ਅਤੇ ਹੋਠਾਂ ਵਿਚ ਲਾਲੀ ਆ ਜਾਂਦੀ। ਪੱਟਾ ਪੱਟਾ ਹੀ ਸੀ, ਇਸੇ ਲਈ ਕਿਸੇ ਨਿਕੀ ਹਿਕੜੀ ਵਿਚ ਥਾਂ ਬਣਾ ਬੈਠਾ ਸੀ।

ਉਸ ਪੱਟੇ ਨੂੰ ਵੇਖਣ ਦਾ ਅਤੇ ਆਪਣੀਆਂ ਸਹੇਲੀਆਂ ਨੂੰ ਵਿਖਾਣ ਦਾ ਉਸ ਦੇ ਸਿਰ ਪਾਗ਼ਲ-ਪਣ ਸਵਾਰ ਸੀ। ਉਸ ਦੀ ਡਾਢੀ ਖਾਹਸ਼ ਸੀ ਕਿ ਉਹ ਇਹ ਪੱਟਾ ਅਜ ਹੀ ਖ਼ਰੀਦ ਲਵੇ ਪਰੰਤੁ ਐਡੀ ਵੱਡੀ ਰਕਮ, ਪੂਰੇ ਬਾਰਾਂ ਆਨਿਆਂ ਦੀ ਰਕਮ ਉਹ ਇੰਨੀ ਜਲਦੀ ਕਿਵੇਂ ਜੋੜ ਸਕਦੀ ਸੀ। ਜੇ ਪਿਤਾ ਜੀ ਦੇ ਗਲ ਬਾਹਵਾਂ ਪਾ ਕੇ ਆਪਣਾ ਮੂੰਹ ਪਿਤਾ ਜੀ ਦੇ ਮੂੰਹ ਉਪਰ ਰਖ ਕੇ ਮਿਠੇ ਚੁੰਮਣ ਲੈਂਦੀ ਤੇ ਮਿੱਠੇ ਚੁੰਮਣ ਦਿੰਦੀ, ਇਕ ਵਾਰ ਵੀ ਪੱਟੇ ਦੀ ਮੰਗ ਕਰਦੀ ਤਾਂ ਉਸੇ ਘੜੀ ਪੱਟਾ ਖ਼ਰੀਦਿਆ ਜਾ ਸਕਦਾ ਸੀ। ਜਿਸ ਤਰਾਂ ਬਾਕੀ ਦੀਆਂ ਸੱਧਰਾਂ ਮਾਪੇ ਉਸ ਦੀਆਂ ਪੂਰੀਆਂ ਕਰਦੇ ਸਨ, ਪੱਟਾ ਵੀ ਉਸੇ ਦਿਨ ਖ਼ਰੀਦਿਆ ਜਾ ਸਕਦਾ ਸੀ। ਉਸ ਦਾ ਪਿਤਾ ਆਪ ਨਾਲ ਆ ਕੇ ਪੱਟਾ ਖ਼ਰੀਦ ਦਿੰਦਾ, ਪਰ ਇਸ ਤਰ੍ਹਾਂ ਕਰਨ ਨਾਲ ਪੱਟਾ ਮਾਪਿਆਂ ਦਾ ਸੀ, ਉਹ ਆਪਣੇ ਪਿਆਰ ਅਤੇ ਕੁਰਬਾਨੀ ਦੀ ਨਿਸ਼ਾਨੀ ਆਪਣੇ ਹੁੱਬ ਤੇ ਪੂਰੀ ਮਿਹਨਤ ਸਿਦਕ ਨਾਲ ਆਪਣੇ ਮਾਸ਼ੂਕ ਦੇ ਗਲ ਪਾਉਣਾ ਚਾਹੁੰਦੀ ਸੀ। ਪੱਟੇ ਨੂੰ ਆਪਣੀ ਜਿੰਦ ਜਾਨ ਘੋਲ ਕੇ ਉਹ ਖ਼ਰੀਦਣਾ ਚਾਹੁੰਦੀ ਸੀ। ਉਸ ਨੂੰ ਆਪ ਵਿਕਣਾ ਪੈਂਦਾ ਤਾਂ ਵੀ ਉਹ ਆਪਣੇ ਪ੍ਰੀਤਮ ਲਈ ਪੱਟਾ ਮੁਲ ਲੈਂਦੀ। ਉਹ ਆਪ ਦਿਲ ਵਿਚ ਪੱਟੇ ਲਈ ਅਤੇ ਆਪਣੇ ਪ੍ਰੀਤਮ ਲਈ ਵਿਕ ਚੁਕੀ ਸੀ। ਪਿਆਰ ਦੀ ਪੀਂਘ ਜਿਥੇ ਪੈ ਜਾਏ, ਜਿਸ ਉਮਰ ਵਿੱਚ ਪੈ ਜਾਏ -- ਪਿਆਰ ਅਨ੍ਹਾ ਹੋਇਆ ਕਰਦਾ ਹੈ। ਪਿਆਰ ਨਿਕੇ ਵਡੇ ਸਿਆਣੇ ਇੰਜਾਣੇ ਹਰ ਇਕ ਨੂੰ ਹੀ ਅਨ੍ਹਿਆਂ ਕਰ ਦਿੰਦਾ ਹੈ।

-੪੪-