ਪੰਨਾ:ਆਂਢ ਗਵਾਂਢੋਂ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਕੀ ਗੱਲ ਹੈ ਚਿਠੀ ਵਿਚ?'

ਪਰ ਪਿਤਾ ਆਪ ਹੀ ਬੋਲ ਪਿਆ:

'ਸਾਹਿਬ ਦਾ ਕੁੱਤਾ ਕਿਧਰੇ ਨਸ ਗਿਆ।'

'ਉਠਣ ਦਾ ਯਤਨ ਕਰਦੀ ਹੋਈ ਨਿਰਬਲ ਪ੍ਰੀਤਮਾ ਇੱਕੋ ਸਾਹ ਵਿਚ ਬੋਲੀ:

'ਨਸ ਗਿਆ?'

'ਨਸ ਗਿਆ!'

'ਮੋਤੀ?'

'ਹਾਂ, ਮੋਤੀ।'

ਪ੍ਰੀਤਮਾ ਅੱਖਾਂ ਮੀਟ ਕੇ ਬਿਸਤਰੇ ਉਪਰ ਡਿਗ ਪਈ, ਉਹ ਕਿਸੇ ਅੰਤਰਯਾਮੀ ਸਾਧੂ ਵਾਂਗ ਮਨ ਦੀ ਬਿਰਤੀ ਵਿਚੋਂ ਲਭਣਾ ਚਾਹੁੰਦੀ ਸੀ ‘ਕੁੱਤਾ ਹੈ ਕਿਥੇ? ਕਿਸ ਦੇ ਕੋਲ ਹੈ? ਜਿਉਂਦਾ ਹੈ ਜਾਂ ਮਰ ਗਿਆ? ਕੀ ਖਾਂਦਾ ਹੈ? ਹਫ਼ਤਾ ਉਸ ਕਿਥੇ ਬਿਤਾਇਆ? ਕਿਵੇਂ ਬਿਤਾਇਆ?' ਖ਼ਬਰੇ ਉਹ ਸੋਚ ਰਹੀ ਸੀ?

'ਮਾਂ ਨੇ ਪ੍ਰੀਤਮਾ ਨੂੰ ਬੁਲਾਇਆ, ਪਿਤਾ ਨੇ ਬਾਹੋ ਫੜ ਕੇ ਹਿਲਾਣ ਦਾ ਉਪਰਾਲਾ ਕੀਤਾ, ਪਰ ਉਹ ਗੁਮ-ਸੁਮ ਬਿਲਕੁਲ ਚੁਪ-ਚਾਪ ਪਈ ਸੀ। ਸਵਾਸ ਆਉਂਦੇ ਸਨ, ਹਿੱਕ ਹਿਲਦੀ ਸੀ, ਹੋਠ ਫਰਕਦੇ ਸਨ, ਇਕ ਹੱਥ ਵਿਚ ਨਵੀਂ ਤਨਖਾਹ ਦੇ ਨੋਟ ਦੇ ਦੂਜੀ ਮੁਠੀ ਵਿਚ ਘੁੰਗਰੂਆਂ ਵਾਲਾ ਮੋਤੀ ਦਾ ਪੱਟਾ - ਦੋਵੇਂ ਮੁਠੀਆਂ ਘੁਟੀਆਂ ਹੋਈਆਂ ਸਨ। ਜਦੋਂ ਕੁੜੀ ਕੁਝ ਚਿਰ ਨਾ ਬੋਲੀ ਤਾਂ ਮਾਪਿਆਂ ਨੂੰ ਫ਼ਿਕਰ ਪੈ ਗਿਆ। ਉਸੇ ਵੇਲੇ ਡਾਕਟਰ ਵਲ ਨੌਕਰ ਦੌੜਾਇਆ, ਨਬਜ਼ ਉਪਰ ਪਿਤਾ ਨੇ ਉਂਗਲਾਂ ਧਰੀਆਂ, ਨਬਜ਼ ਤੁਰੀ ਜਾ ਰਹੀ ਸੀ, ਪਰ ਬੜੀ ਹੌਲੀ, ਕੋਈ ਦਮਾਂ ਦੀ ਮਹਿਮਾਨ। ਮਾਂ ਰੋਣ ਲਗ ਪਈ, ਪਿਉ ਦੀਆਂ ਅੱਖਾਂ ਵਿਚ ਵੀ ਅੱਥਰੂ ਸਨ। ਡਾਕਟਰ ਪਾਸੋਂ ਨੌਕਰ ਨੇ ਮੁੜ ਕੇ ਆਖਿਆ:

-੫੭-