ਪੰਨਾ:ਆਂਢ ਗਵਾਂਢੋਂ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਤਿਖੀ ਨਜ਼ਰ ਵਾਲੇ ਜਾਸੂਮ ਉਸ ਨੂੰ ਢੂੰਢਦੇ ਢੂੰਢਦੇ ਥਕ ਗਏ, ਉਹ ਸਟੈਂਡਰਡ ਰੋਡ ਤੋਂ ਹੋ ਕੇ ਜਗਨ ਨਾਥ ਘਾਟ ਤੇ ਪੁਜਾ। ਉਥੇ ਘਾਟ ਤੇ ਬੈਠੇ ਇਕ ਨਾਈ ਤੋਂ ਉਸ ਨੇ ਸਿਰ ਤੇ ਮੁਛਾਂ ਸਫਾ ਚਟ ਕਰਵਾ ਲਈਆਂ। ਫਿਰ ਕਿਸੇ ਗੁਪਤ ਥਾਂ ਤੋਂ ਇਕ ਮਰਹਟੀ ਪੁਸ਼ਾਕ ਕਢ ਕੇ ਗੰਗਾ ਅਸ਼ਨਾਨ ਦੇ ਬਹਾਨੇ ਆਪਣੇ ਕਪੜੇ ਗੰਗਾ ਦੇ ਹਵਾਲੇ ਕੀਤੇ। ਫੇਰ ਪੈਂਠ ਹਜ਼ਾਰ ਦੇ ਨੋਟਾਂ ਨੂੰ ਜੇਬ ਵਿਚ ਪਾ ਕੇ ਇਕ ਟੈਕਸੀ ਤੇ ਕਾਲੀ ਘਾਟ ਗਿਆ। ਕਾਲੀ ਜੀ ਦੇ ਦਰਸ਼ਨ ਕਰਕੇ ਉਸ ਨੇ ਰਾਤ ਇਕ ਪੰਡੇ ਦੇ ਮਕਾਨ ਵਿਚ ਹੀ ਕਟੀ। ਕੁਝ ਘੰਟਿਆਂ ਵਿਚ ਹੀ ਉਹ ਪਕਾ ਚੋਰ ਬਣ ਗਿਆ ਸੀ।

ਉਹ ਰੇਲ ਤੇ ਚੜ੍ਹ ਕੇ ਬਹੁਤ ਨੱਸ ਸਕਦਾ ਸੀ, ਪਰ ਉਸ ਦੀ ਖੋਪਰੀ ਵਿਚ ਇਤਨੀ ਅਕਲ ਹੈਸੀ ਕਿ ਪੰਜ ਸੌ ਜਾਂ ਹਜ਼ਾਰ ਮੀਲ ਦੂਰ ਭਜ ਜਾਣ ਤੇ ਵੀ ਪੁਲਿਸ ਤੋਂ ਖਲਾਸੀ ਅਸੰਭਵ ਹੈ। ਉਹ ਜਾਣਦਾ ਸੀ ਕਿ ਭਾਵੇਂ ਕਿਧਰੇ ਰਹੇ-ਅਜ ਨਾ ਸਹੀ-ਕੁਝ ਦਿਨ ਬਾਅਦ ਫੜਿਆ ਜਾਵੇਗਾ-ਇਸ ਤੋਂ ਬਿਨਾਂ ਉਸ ਨੇ ਆਪਣੇ ਪ੍ਰੋਗਰਾਮ ਕੁਝ ਹੋਰ ਹੀ ਸੋਚਿਆ ਹੋਇਆ ਸੀ।

ਸਵੇਰ ਹੁੰਦੇ ਸਾਰ ਉਸ ਨੇ ਗੰਗਾ ਅਸ਼ਨਾਨ ਕੀਤਾ, ਇਕ ਹੋਟਲ ਤੋਂ ਪੇਟ ਭਰ ਕੇ ਰੋਟੀ ਖਾਧੀ। ਫਿਰ ਇਕ ਦੁਕਾਨ ਤੋਂ ਇਕ ਵਡਾ ਤੇ ਮੋਟਾ ਲਫ਼ਾਫ਼ਾ ਲਿਆ। ਉਸ ਵਿਚ ਪੈਂਠ ਹਜ਼ਾਰ ਦੇ ਭਰ ਕੇ ਲਾਖ ਨਾਲ ਪੰਜ ਮੋਹਰਾਂ ਲਗਾ ਦਿਤੀਆਂ। ਲਫ਼ਾਫ਼ਾ ਲੈਕੇ ਉਹ ਇਕ ਵਡੀ ‘ਅੰਗਰੇਜ਼ੀ ਸੀਲੀਸਿਟਰ ਕੰਪਨੀ' ਵਿਚ ਗਿਆ।

ਵਡੇ ਸਾਹਿਬ ਨੂੰ ਮਿਲ ਕੇ ਉਸ ਨੇ ਕਿਹਾ- 'ਜਨਾਬ, ਮੈਂ ਏਸ ਲਈ ਆਇਆ ਹਾਂ-ਇਸ ਲਫਾਫੇ ਵਿਚ ਕੁਝ ਜ਼ਰੂਰੀ ਦਲੀਲਾਂ ਤੇ ਕਾਗਜ਼ ਹਨ ਜਿਨ੍ਹਾਂ ਨੂੰ ਮੈਂ ਸੰਭਾਲ ਕੇ ਰਖਣਾ ਚਾਹੁੰਦਾ ਹਾਂ, ਮੈਂ ਬਹੁਤ ਦੂਰ ਜਾ ਰਿਹਾ ਹਾਂ-ਕਦ ਮੁੜਾਂਗਾ, ਕੁਝ ਠੀਕ ਪਤਾ ਨਹੀਂ। ਮੈਂ ਇਹ ‘ਪੈਕਟ' ਆਪ ਦੇ ਪਾਸ ਰਖਣਾ ਚਾਹੁੰਦਾ ਹਾਂ।

-੭੨-