ਪੰਨਾ:ਆਂਢ ਗਵਾਂਢੋਂ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮੀਰ ਹੈ। ਹਟਾ! ਹਟਾ! ਇਹਨੂੰ ਮੇਰੇ ਸਾਮਣੇ ਤੋਂ ਹਟਾ! ਕਿੰਨੇ ਭਿਆਨਕ ਸਿੰਗ ਹਨ ਇਸ ਦੇ? ਕਦੇ ਨਾ ਕਦੇ ਕਿਸੇ ਦਿਨ ਇਹ ਜ਼ਰੂਰ ਮਾਰ ਛਡੇਗਾ।' ਇਹ ਆਖ ਕੇ ਪੁਜਾਰੀ ਜੀ ਲੰਬੇ ਲੰਬੇ ਕਦਮ ਚੁਕਦੇ ਚਲੇ ਗਏ।

***

ਗਫੂਰ ਉਸ ਪਾਸੇ ਵਲੋਂ ਨਿਗਾਹ ਹਟਾ ਕੇ, ਕੁਝ ਚਿਰ ਮਹੇਸ਼ ਦੇ ਮੁੰਹ ਵਲ ਵੇਖਦਾ ਰਿਹਾ। ਉਸ ਦੀਆਂ ਦੋਵੇਂ ਕਾਲੀਆਂ ਅੱਖਾਂ ਭੁਖ ਦੇ ਕਾਰਨ ਅਧੀਆਂ ਹੀ ਖੁਲ੍ਹ ਸਕਦੀਆਂ ਸਨ। ਗਫੂਰ ਕਹਿਣ ਲਗਾ:

'ਤੈਨੂੰ ਇਕ ਮੁਠ ਵੀ ਨਹੀਂ ਦਿਤਾ ਮਹੇਸ਼? ਉਨ੍ਹਾਂ ਲੋਕਾਂ ਕੋਲ ਬਥੇਰਾ ਹੈ, ਫੇਰ ਵੀ ਤੇਰੇ ਲਈ ਨਹੀਂ ਦਿੰਦੇ, ਤੂੰ ਭੁਖਾ ਹੈਂ - ਨਾ ਦੇਣ...........' ਉਸ ਦਾ ਗਲਾ ਰੁਕ ਗਿਆ ਤੇ ਅੱਖਾਂ ਵਿਚੋਂ ਟਪ ਟਪ ਅੱਥਰੂ ਡਿਗਣ ਲਗੇ। ਉਹ ਫਿਰ ਮਹੇਸ਼ ਕੋਲ ਜਾ ਕੇ ਚੁਪ-ਚਾਪ ਉਸ ਦੀ ਧੌਣ, ਸਿਰ ਅਤੇ ਪਿੱਠ ਉਪਰ ਹਥ ਫੇਰਦਾ ਹੋਇਆ ਹੌਲੀ ਹੌਲੀ ਕਹਿਣ ਲਗਾ:

'ਮਹੇਸ਼! ਤੂੰ ਹੀ ਮੇਰਾ ਪੁਤਰ ਹੈ, ਸਾਡੇ ਲਈ ਅੱਠ ਵਰ੍ਹੇ ਹਲ ਫੇਰ ਫੇਰ ਕੇ ਹੁਣ ਤੂੰ ਬੁਢਾ ਹੋ ਗਿਆ ਹੈਂ, ਤੈਨੂੰ ਅਸੀਂ ਢਿਡ ਭਰ ਕੇ ਖੁਵਾ ਵੀ ਨਹੀਂ ਸਕਦੇ, ਪਰ ਤੂੰ ਜਾਣਦਾ ਹੈਂ, ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ?'

ਮਹੇਸ਼ ਉਤਰ ਵਿਚ ਕੇਵਲ ਆਪਣੀ ਧੌਣ ਅਗੇ ਕਰ ਕੇ ਆਰਾਮ ਨਾਲ ਅੱਖਾਂ ਮੀਟ ਜੇ ਖਲੋਤਾ ਰਿਹਾ। ਗਫੂਰ ਆਪਣੀ ਗਿਲੀਆਂ ਅੱਖਾਂ ਦੇ ਅਥਰੂ ਪੂੰਝ ਕੇ ਫੇਰ ਉਸੇ ਭਰੀ ਹੋਈ ਅਵਾਜ਼ ਵਿਚ ਬੋਲਿਆ:

‘ਜ਼ਿਮੀਂਦਾਰ ਨੇ ਤੇਰੀ ਖ਼ੁਰਾਕ ਖੋਹ ਲਈ। ਸ਼ਮਸ਼ਾਨ ਕੋਲ

-੮੮-