ਪੰਨਾ:ਆਕਾਸ਼ ਉਡਾਰੀ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਚੀ ਸਾਰੀਆਂ ਦਾਤਾਂ 'ਚੋਂ ਦਾਤ ਸਿਖੀ,
ਨਾਲ ਕੇਸਾਂ ਸਵਾਸਾਂ ਦੇ ਪਾਲ ਰਖੀਂ।
ਗ੍ਰਹਿਸਤ ਧਰਮ ਦੀ ਸੜਕ ਏ ਬੜੀ ਟੇਢੀ,
ਕਿਧਰੇ ਥਿੜਕ ਨਾ ਜਾਈਂ, ਖ਼ਿਆਲ ਰਖੀਂ।

ਸਚ ਮੁਚ ਜੇ ਸੇਹਰੇ ਨੂੰ ਬੰਨਣਾ ਈਂ,
ਸਮਝੀ ਸੇਹਰੇ ਨੂੰ ਖੇਡ ਨਾ ਬਚਿਆਂ ਦੀ।
ਜ਼ਿਮੇਵਾਰੀਆਂ ਇਸ ਦੀਆਂ ਵੇਖ ਕੇ ਤੇ,
ਭੌਂਦੀ ਅਕਲ ਖਿਡਾਰੀਆਂ ਕਚਿਆਂ ਦੀ।

ਪਿਆਰੇ ਵੀਰ ਜੀ ਤੁਸਾਂ ਨੂੰ ਗ੍ਰਹਿਸਤ ਅੰਦਰ,
ਸਹਿਣੇ ਪੈਣਗੇ ਕਈ ਸੰਸਾਰ ਦੇ ਦੁਖ।
ਕਦੀ ਕਾਰ ਵਿਹਾਰ ਰੁਜ਼ਗਾਰ ਦੇ ਦੁਖ,
ਹੋਸਣ ਹੋਰ ਵੀ ਕਈ ਪ੍ਰਕਾਰ ਦੇ ਦੁਖ।
ਦੂਰ ਘਰਾਂ ਤੋਂ ਜਾ ਕੇ ਕਈ ਵੇਰੀ,
ਪੈਸਣ ਝਲਣੇ ਪ੍ਰੇਮ ਪਿਆਰ ਦੇ ਦੁਖ।
ਵੱਡੀ ਗੱਲ, ਕਿ ਤੇਰੇ ਹੀ ਸਿਰ ਉੱਤੇ,
ਆ ਕੇ ਚੜ੍ਹਨਗੇ ਸਭ ਪਰਵਾਰ ਦੇ ਦੁਖ।

ਐਪਰ ਮੱਥੇ ਤੇ ਵੱਟ ਨਾ ਪਾਈਂ ਵੀਰਾ,
ਰਖੀਂ ਹੌਸਲਾ ਰਵ੍ਹੀਂ ਦਲੇਰ ਹੋ ਕੇ।
ਇਨ੍ਹਾਂ ਦੁਖਾਂ ਦੀ ਨਾ ਪ੍ਰਵਾਹ ਸਮਝੀਂ,
ਕਰੀਂ ਸਾਮ੍ਹਣਾ ਇਨ੍ਹਾਂ ਦਾ ਸ਼ੇਰ ਹੋ ਕੇ।

ਬੇੜੀ ਸਮਝ ਗ੍ਰਹਿਸਤ ਨੂੰ ਵੀਰ ਜੀਓ,
ਅਪਣੇ ਆਪ ਨੂੰ ਇਸ ਦਾ ਮਲਾਹ ਸਮਝੀਂ।

੧੨੭.