ਪੰਨਾ:ਆਕਾਸ਼ ਉਡਾਰੀ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੀ ਭਾਵਣੀ ਹੈ ਸਾਈਆਂ ਪਾਸ ਹੋ ਕੇ,
ਕਦੀ ਫੇਰ ਵੀ ਦਰਸ ਦਿਖਾਵਣਾ ਚਾ।
ਕਰ ਕੇ ਜੇਹੜੇ ਬਗ਼ੀਚੇ ਦੀ ਸੈਰ ਚਲੇ,
ਲੈਣ ਓਸ ਦੀ ਸਾਰ ਨੂੰ ਆਵਣਾ ਚਾ।
ਸੁਕੇ ਜਾਂਵਦੇ ਪ੍ਰੇਮ ਦੇ ਬੂਟਿਆਂ ਨੂੰ,
ਪਾਣੀ ਦਰਸ਼ਨਾਂ ਦਾ ਆ ਕੇ ਪਾਵਣਾ ਚਾ।
ਇਹਦੀ ਸ਼ਾਨ ਨੂੰ ਹੋਰ ਚਮਕਾਉਣ ਖ਼ਾਤਰ,
ਫੁੱਲ-ਦਾਰ ਬੂਟੇ ਹੋਰ ਲਾਵਣਾ ਚਾ।

ਦੂਰ ਦਿਲਾਂ ਤੋਂ ਇਸ ਨੂੰ ਰੱਖਣਾ ਨਾ,
ਨੇੜੇ ਹੋਵੋ ਜਾਂ ਵਸਦੇ ਦੂਰ ਹੋਵੋ।
ਸੁਖਾਂ ਸੁਖਦੇ ਰਹਾਂਗੇ ਨਿਤ ਅਸੀਂ,
ਜਿਥੇ ਚਲੇ ਹੋ ਸਭ ਮਨਜ਼ੂਰ ਹੋਵੋ।

ਦਿਲ ਚਾਹੁੰਦਾ ਏ ਤੁਸਾਂ ਨਾਲ ਵੀਰੋ,
ਗਲਾਂ ਆਖ਼ਰੀ ਇਕ ਦੋ ਚਾਰ ਕਰ ਲਾਂ।
ਘੁਟ ਘੁਟ ਕੇ ਜਫੀਆਂ ਪਾ ਲਵਾਂ,
ਗਲੇ ਲਗ ਕੇ ਕੁਝ ਪਿਆਰ ਕਰ ਲਾਂ,
ਹਫ਼ਤੇ ਵਾਰ, ਮਾਹਵਾਰ ਜਾਂ ਸਾਲ ਮਗਰੋਂ,
ਦਰਸ ਲੈਣ ਦਾ ਪੱਕਾ ਇਕਰਾਰ ਕਰ ਲਾਂ।
ਖ਼ਬਰੇ ਹੋਣ ਨਾ ਹੋਣ ਨਸੀਬ ਪਿਛੋਂ,
ਰਜ ਰਜ ਕੇ ਅਜ ਦੀਦਾਰ ਕਰ ਲਾਂ।

ਆਖਾਂ 'ਗੁਡਬਾਈ' ਇਹ ਅਸੀਸ ਦੇ ਕੇ,
ਸ਼ਾਲਾ! ਸਾਰਿਆਂ ਦੇ ਸਾਰੇ ਪਾਸ ਹੋਵੋ।
ਬਣ ਕੇ ਵਿਦਿਆ ਦੇ ਸਾਰੇ ਚੰਦ 'ਤਾਰੇ',
ਡਲ੍ਹਕਾਂ ਮਾਰਦੇ ਵਿਚ ਆਕਾਸ਼ ਹੋਵੇ।

੧੩੪.