ਪੰਨਾ:ਆਕਾਸ਼ ਉਡਾਰੀ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਚੀ ਦਾ ਵਿਛੋੜਾ

ਗੁਝੀ ਗਲ ਨਹੀਂ ਇਹ ਜਹਾਨ ਅੰਦਰ,
ਸਦਾ ਰਹਿਣ ਨਾ ਨਾਲ ਪਰਵਾਰ ਧੀਆਂ।
ਵਡੇ ਵਡਿਆਂ ਰਾਜਿਆਂ ਰਾਣਿਆਂ ਨੇ,
ਨਹੀਂ ਰਖੀਆਂ ਕਿਸੇ ਨੇ ਘਰ ਧੀਆਂ।
ਵੇਲੇ ਆਪਣੇ ਆਪਣੇ ਸਾਰੀਆਂ ਹੀ,
ਛੋੜ ਜਾਂਦੀਆਂ ਤੋੜ ਪਿਆਰ ਧੀਆਂ।
ਵਾਂਗ ਬੁਲਬੁਲਾਂ ਬਾਗ਼-ਪਰਵਾਰ ਅੰਦਰ,
ਚਾਰ ਦਿਨ ਹੀ ਰਖਣ ਬਹਾਰ ਧੀਆਂ।

ਧੀਆਂ ਵਾਲਿਆਂ ਤੋਂ ਯਾਰੋ ਪੁਛ ਵੇਖੋ,
ਕਿੱਡਾ ਹੋਂਵਦਾ ਦੁਖ ਵਿਛੋੜਿਆਂ ਦਾ।
ਵਡੇ ਦਿਲਾਂ ਵਾਲੇ ਭਾਵੇਂ ਸਹਿ ਲੈਂਦੇ,
ਬੁਰਾ ਹਾਲ ਹੋਂਦਾ ਦਿਲਾਂ ਬੋੜਿਆਂ ਦਾ।

ਹੋਂਦਾ ਬਚੜੀ ਤਾਂਈ ਰਵਾਨ ਤਕ ਕੇ,
ਸਾਡੇ ਦਿਲ ਥੋੜੇ ਥੋੜੇ ਹੋ ਜਾਂਦੇ।
ਭਾਵੇਂ ਹੰਝੂਆਂ ਨਾਲ ਪਏ ਧੋਂਵਦੇ ਹਾਂ,
ਨਹੀਂ ਇਹ ਦਾਗ਼ ਜੁਦਾਈ ਦੇ ਧੋਏ ਜਾਂਦੇ।
ਵੱਟਾ ਦਿਲ ਤੇ ਰਖ ਕੇ ਸਹਿ ਰਹੇ ਹਾਂ,
ਨਹੀਂ ਇਹ ਰੋਣੇ ਵਿਛੋੜੇ ਦੇ ਰੋਏ ਜਾਂਦੇ।

੧੩੫.