ਪੰਨਾ:ਆਕਾਸ਼ ਉਡਾਰੀ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਚੀ ਸ੍ਰੀ ਦਸਮੇਸ਼ ਦੀ, ਕਲੀ ਹੈਂ ਸਿਖ ਗ਼ੁਲਜ਼ਾਰ ਦੀ।
ਸਿਖਾਂ ਵੀਰਾਂ ਦੀ ਭੈਣ ਹੈਂ,ਪੁਤਰੀ ਹੈਂ ਸਿਖ ਪਰਵਾਰ ਦੀ।
ਗੁਰਮੁਖ ਦੇ ਪੱਲੇ ਲਗੀ, ਇਹ ਮਿਹਰ ਹੈ ਕਰਤਾਰ ਦੀ।
ਸਿਖੀ ਸੰਗ ਸ੍ਵਾਸਾਂ ਨਿਭਾਇਆ ਕਰੀਂ,
ਭੈਣੇ ਐਸੇ ਅਸੂਲ ਬਣਾਇਆ ਕਰੀਂ।
ਅਪਣੇ ਮਾਲਕ ਨੂੰ ਮਨੋਂ ਨਾ ਭੁਲਾਇਆ ਕਰੀਂ।

ਪਾਠਸ਼ਾਲਾ ਇਹ ਤੇਰੀ, ਓਥੇ ਤਿਰਾ ਇਮਤਿਹਾਨ ਈ।
ਅਕਲ ਦਾਨਾਈ ਦੇ ਬਾਝੋਂ, ਮੁਸ਼ਕਲ ਇਹ ਮੈਦਾਨ ਈ।
ਵਸ ਤੇਰੇ ਬੀਬੀਏ, ਦੋਹਾਂ ਵਲਾਂ ਦੀ ਸ਼ਾਨ ਈ।
ਸੰਭਲ ਸੰਭਲ ਕੇ ਕਦਮ ਉਠਾਇਆ ਕਰੀਂ,
ਭੈਣੇ ਐਸੇ ਅਸੂਲ ਬਣਾਇਆ ਕਰੀਂ।
ਅਪਣੇ ਮਾਲਕ ਨੂੰ ਮਨੋਂ ਨਾ ਭੁਲਾਇਆ ਕਰੀਂ।

ਪਤੀ ਦੀ ਸੇਵ ਧਰਮ, ਤੇ ਇਹੋ ਤੇਰਾ ਈਮਾਨ ਈ।
ਇਹੋ ਹੀ ਤੇਰਾ ਸੰਤ ਸਾਧੂ, ਇਹ ਤੇਰਾ ਭਗਵਾਨ ਈ।
ਮਾਤ ਇਸ ਦੀ ਮਾਤ ਤੇ ਪਿਤਾ-ਪਿਤਾ ਸਮਾਨ ਈ।
ਇਨ੍ਹਾਂ ਸਭਨਾਂ ਦੀ ਸੇਵਾ ਕਮਾਇਆ ਕਰੀਂ,
ਭੈਣੇ ਐਸੇ ਅਸੂਲ ਬਣਾਇਆ ਕਰੀਂ।
ਅਪਣੇ ਮਾਲਕ ਨੂੰ ਮਨੋਂ ਨਾ ਭੁਲਾਇਆ ਕਰੀਂ।

ਜੀ, ਜੀ ਕਹਿ ਕੇ ਬੋਲਣਾ, ਜੀ, ਜੀ ਬੁਲਾਣਾ ਸਭ ਨੂੰ।
ਨਿੱਕਿਆਂ ਨੂੰ ਪ੍ਰੇਮ ਕਰ, ਅਪਣਾ ਬਨਾਣਾ ਸਭ ਨੂੰ।
ਵੱਡਿਆਂ ਨੂੰ ਆਦਰ ਨਾਲ ਨਿੱਤ,ਸਿਰ ਨਿਵਾਣਾ ਸਭ ਨੂੰ।
ਭੁੱਲ ਕੇ ਹਿਰਦਾ ਨਾ ਕੋਈ ਭੀ ਦੁਖਾਇਆ ਕਰੀਂ,

੧੪੫.