ਪੰਨਾ:ਆਕਾਸ਼ ਉਡਾਰੀ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰਾ ਗੁਰੂ ਆ ਰਿਹਾ

ਠੰਢੇ ਠੰਢੇ ਝੋਲੇ ਅੱਜ ਪਵਨ ਦੇ ਝੁੱਲਦੇ ਨੇ,
ਖਬਰੇ ਮਿਹਰਾਂ ਵਾਲਾ ਕੋਈ ਮੇਘ ਮੰਡਲਾ ਰਿਹਾ।
ਬਿਰਛਾਂ ਤੇ ਬੂਟਿਆਂ ਨੂੰ ਝੂਟੇ ਪਏ ਆਂਵਦੇ ਨੇ,
ਬੂਟਾ ਬੂਟਾ ਟਹਿਣੀਆਂ ਨੂੰ ਨੀਵਾਂ ਹੈ ਝੁਕਾ ਰਿਹਾ।
ਪੱਤਿਆਂ ਦੇ ਨਾਲ ਪਿਆ ਪੱਤਾ ਪੱਤਾ ਠਹਿਕਦਾ ਏ,
ਪੱਤਾ ਪੱਤਾ ਨਵਾਂ ਕੋਈ ਪਤਾ ਹੈ ਬਤਾ ਰਿਹਾ।
ਖੇਤੀਆਂ ਤੇ ਵਾੜੀਆਂ ਚੋਂ ਭਿੰਨੀ ਭਿੰਨੀ ਵਾਸ ਆਵੇ,
ਡਾਢਾ ਹੀ ਸੁਹਾਣਾ ਸਮਾਂ ਜ਼ਿਮੀਂ ਨੂੰ ਸੁਹਾ ਰਿਹਾ।
ਸੋਹਣਾ ਸੋਹਣਾ ਸਾਵਾ ਸਾਵਾ ਘਾਹ ਕਿਤੇ ਉਗਿਆ ਏ,
ਕੂਲਾ ਕੂਲਾ ਮਖ਼ਮਲੀ ਹੈ ਫ਼ਰਸ਼ ਵਿਛਾ ਰਿਹਾ।
ਨਦੀ ਸੰਦਾ ਨੀਰ ਵਾਹੋ ਦਾਹੀ ਵਗੀ ਜਾਂਵਦਾ ਏ,
ਤਿੱਖਾ ਤਿੱਖਾ ਕਿਸੇ ਦੇ ਦੀਦਾਰ ਨੂੰ ਹੈ ਜਾ ਰਿਹਾ।
ਵੱਟਿਆਂ ਤੇ ਗੀਟਿਆਂ 'ਚੋਂ ਸੁਰ ਸੁਰ ਵਗਦਾ ਏ,
ਜੱਗ ਦਿਆਂ ਜੀਵਾਂ ਨੂੰ ਸੁਨੇਹਾ ਹੈ ਸੁਣਾ ਰਿਹਾ।
ਚੱਲੋ ਮੇਰੇ ਨਾਲ ਤਲਵੰਡੀ ਜਿਸ ਚਲਣਾ ਏ,
ਸੁਣਿਆ ਹੈ ਉਥੇ ਗੁਰੂ ਨਾਨਕ ਅੱਜ ਆ ਰਿਹਾ।
ਗੱਲ ਇਨੀ ਆਖ ਕੇ ਤੇ ਚੱਲਦਾ ਹੈ ਜੱਲ ਉਥੋਂ,
ਪਲ ਪਲ ਵਿੱਚ ਵੇਖੋ ਛਲ ਕਿਡੇ ਲਾ ਰਿਹਾ।
ਜਲ ਦਿਆਂ ਕੰਢਿਆਂ ਤੇ ਦਲ ਚਲਾ ਜਾ ਰਿਹਾ ਏ,
ਤੀਰ ਉਤੇ ਤੀਰ ਜਿਹੜਾ ਬਿਰਹੋਂ ਦੇ ਹੈ ਖਾ ਰਿਹਾ।
ਆਉ ਰਤਾ ਵੇਖੀਏ ਖਾਂ ਕੌਣ ਕੌਣ ਜਾ ਰਹੇ ਨੇ,

੪੦.