ਪੰਨਾ:ਆਕਾਸ਼ ਉਡਾਰੀ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿੱਖ ਨੌਜਵਾਨੋ ਜਾਗੋ

ਕੂਕ ਕੂਕ ਕੇ ਕਾਲ ਜਗਾ ਰਿਹਾ ਏ,
ਘੂਕ ਸੁਤਿਓ ਨੌ ਨਿਹਾਲੋ ਜਾਗੋ।
ਸਿੱਖ ਕੌਮ ਦੇ ਨੌ ਜਵਾਨੋ ਉਠੋ,
ਹੁਣ ਸਮਾਂ ਜੇ ਸਮਾਂ ਸੰਭਾਲੋ ਜਾਗੋ।
ਸੁੱਕੇ ਜਾਂਵਦੇ ਸਿੱਖੀ ਦੇ ਸਬਜ਼ ਬੂਟੇ,
ਪਾਣੀ ਪਾ ਪਰਚਾਰ ਦਾ ਪਾਲੋ ਜਾਗੋ।
ਸੌਂ ਗਏ ਹੋ ਸਿੰਘਾਂ ਦੇ ਪੁੱਤ ਹੋ ਕੇ,
ਭਬਕ ਸ਼ੇਰਾਂ ਦੀ ਉਠ ਕੇ ਵਿਖਾਲੋ ਜਾਗੋ।

ਸਮਾਂ ਕੀਮਤੀ ਕੌਮ ਸੁਧਾਰ ਵਾਲਾ,
ਹਾਏ ਗਫ਼ਲਤਾਂ ਵਿਚ ਨਾ ਟਾਲੋ ਜਾਗੋ।
ਅੱਖਾਂ ਖੋਲ੍ਹੋ ਜ਼ਮਾਨੇ ਦੀ ਚਾਲ ਵੇਖੋ,
ਮੇਰੀ ਕੌਮ ਦੇ ਹੀਰਿਓ ਲਾਲੋ ਜਾਗੋ।

ਅੱਜ ਕੱਲ ਦੀ ਨਵੀਂ ਤਹਜ਼ੀਬ ਅੰਦਰ,
ਕਈ ਝੱਖੜ ਜ਼ਮਾਨੇ ਦੇ ਝੁਲ ਰਹੇ ਨੇ।
ਸਾਨੂੰ ਪੁੱਠੀਆਂ ਮੱਤਾਂ ਸਿਖਾਣ ਵਾਲੇ,
ਨਵੇਂ ਨਵੇਂ ਸਕੂਲ ਅਜ ਖੁਲ੍ਹ ਰਹੇ ਨੇ।
ਸ਼ੂੰਕਾ ਸ਼ਾਂਕੀਆਂ, ਪਛਮੀ ਫ਼ੇਸ਼ਨਾਂ ਵਿਚ,
ਨੌ ਜਵਾਨ ਸਾਡੇ ਆਪ ਭੁੱਲ ਰਹੇ ਨੇ।

੫੬.