ਪੰਨਾ:ਆਕਾਸ਼ ਉਡਾਰੀ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਪੁੱਤ ਕੋਟ ਪਤਲੂਨਾਂ ਨੇ ਪਾਈ ਫਿਰਦੇ,
ਮਾਪੇ ਰੋਟੀਓਂ ਬਿਨਾਂ ਹੀ ਰੁਲ ਰਹੇ ਨੇ।

ਐ ਗਭਰੂ ਛੈਲ ਛਬੀਲ ਵੀਰੋ,
ਆਪ ਉਠੋ ਤੇ ਹੋਰਾਂ ਉਠਾਲੋ ਜਾਗੋ।
ਅੱਖਾਂ ਖੋਲ੍ਹੋ ਜ਼ਮਾਨੇ ਦੀ ਚਾਲ ਵੇਖੋ,
ਮੇਰੀ ਕੌਮ ਦੇ ਹੀਰਿਓ ਲਾਲੋ ਜਾਗੋ।

ਗਈ ਗੁਜ਼ਰੀ ਕੌਮ ਦੀ ਸ਼ਾਨ ਸੋਹਣੀ,
ਤੁਸੀ ਜੀਉਂਦੀ ਕਰ ਕੇ ਵਿਖਾਓ ਉਠੋ।
ਡੂੰਘੇ ਵਹਿਣ ਇਹ ਪਛਮੀ ਨਦੀਆਂ ਦੇ,
ਨਾਲ ਸਿਦਕ ਦੇ ਤੁਰ ਕੇ ਵਿਖਾਓ ਉਠੋ।
ਜਿਕੂੰ ਰੀਤ ਹੈ ਤੁਹਾਡਿਆਂ ਵਡਿਆਂ ਦੀ,
ਕਸ਼ਟ ਕੌਮ ਹਿਤ ਕਰ ਕੇ ਵਿਖਾਓ ਉਠੋ।
ਖ਼ਾਤਰ ਕੌਮ ਦੀ ਜੀਉਂਦੇ ਰਵੋ ਜਾਗੋ,
ਖ਼ਾਤਰ ਕੌਮ ਦੀ ਮਰ ਕੇ ਵਿਖਾਓ, ਉਠੋ।

ਆਪਣੇ ਆਦ੍ਰਸ਼ ਉਚੇ ਹਮੇਸ਼ ਰਖਦੇ,
ਘਾਲਾਂ ਵਡੀਆਂ ਵਡੀਆਂ ਘਾਲੋ ਜਾਗੋ।
ਘੂਕ ਸੁੱਤਿਓ ਨੌ-ਨਿਹਾਲੋ ਜਾਗੋ,
ਮੇਰੀ ਕੌਮ ਦੇ ਹੀਰਿਓ ਲਾਲੋ ਜਾਗੋ।

ਆਪੋ ਵਿਚ ਪ੍ਰੇਮ ਪਿਆਰ ਵੀ ਨਹੀਂ,
ਇਕ ਦੂਜੇ ਦੇ ਦਰਦ ਦੀ ਗੱਲ ਵੀ ਨਹੀਂ।