ਪੰਨਾ:ਆਕਾਸ਼ ਉਡਾਰੀ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਜਿਨ੍ਹਾਂ ਨੂੰ ਤੁਸੀਂ ਵਿਸਾਰ ਬੈਠੇ

ਲਿਖਾਂ ਚਿਠੀਆਂ ਆਵੇ ਜਵਾਬ ਕੋਈ ਨਾ,
ਪੂਰੇ ਪੰਜ ਮਹੀਨੇ ਗੁਜ਼ਾਰ ਬੈਠੇ।
ਨਹੀਂ ਹੋਂਵਦੀ ਹੋਰ ਉਡੀਕ ਰਤੀ,
ਵਧ ਹਦ ਤੋਂ ਕਰ ਇੰਤਜ਼ਾਰ ਬੈਠੇ।
ਜਾਵੇ ਕੌਣ ਜੋ ਉਨਾਂ ਨੂੰ ਕਵ੍ਹੇ ਜਾ ਕੇ,
ਉਹ ਨੇ ਤੁਸਾਂ ਤੋਂ ਬਿਨਾਂ ਲਾਚਾਰ ਬੈਠੇ,
ਦਿਲੋਂ ਜਿਨ੍ਹਾਂ ਨੂੰ ਤੁਸੀਂ ਭੁਲਾਈ ਬੈਠੇ,
ਉਹ ਤਾਂ ਰੋਂਵਦੇ ਨੇ ਜ਼ਾਰੋ ਜ਼ਾਰ ਬੈਠੇ।

ਉਹ ਤਾਂ ਤੁਸਾਂ ਦੀ ਲੰਮੀ ਜੁਦਾਈ ਅੰਦਰ,
ਹੁੰਦੇ ਪਏ ਨੇ ਖਜਲ ਖ਼ਵਾਰ ਬੈਠੇ।
ਕਰਦੇ ਯਾਦ ਨੇ ਤੁਸਾਂ ਨੂੰ ਦਿਨੇ ਰਾਤੀ,
ਪ੍ਰੀਤਮ ਜਿਨ੍ਹਾਂ ਨੂੰ ਤੁਸੀਂ ਵਿਸਾਰ ਬੈਠੇ।

੧੦੨.