ਪੰਨਾ:ਆਕਾਸ਼ ਉਡਾਰੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਹੁੰ ਲਾ ਕੇ ਪਾਲਣੇ ਬੜੇ ਔਖੇ

ਸੌਖਾ ਕੰਮ ਨਹੀਂ ਲਾਣੀ ਪ੍ਰੀਤ ਯਾਰੋ,
ਧੰਦੇ ਪਿਆਰ ਦੇ ਘਾਲਣੇ ਬੜੇ ਔਖੇ ।
ਸਚੇ ਯਾਰ ਇਸ ਝੂਠੇ ਸੰਸਾਰ ਅੰਦਰ,
ਝਟ ਪਟ ਹੀ ਭਾਲਣੇ ਬੜੇ ਔਖੇ ॥
ਜੇ ਕਰ ਮਿਲ ਭੀ ਜਾਣ ਦੋ ਚਾਰ ਕਦੀ,
ਕਚ ਪਕੇ ਪਰਤਾਲਣੇ ਬੜੇ ਔਖੇ ।
ਦੋ ਵਖਰੇ ਵਖਰੇ ਦਿਲ ਲੈ ਕੇ,
ਇਕ ਸੱਚੇ ’ਚ ਢਾਲਣੇ ਬੜੇ ਔਖੇ ।
ਮੋਤੀ ਪਿਆਰ ਦੇ ਡੁਲ੍ਹੇ ਹੋਏ ਲਭਦੇ ਨਹੀਂ,
ਕੌਡਾਂ ਵਾਂਙ ਉਛਾਲਣੇ ਬੜੇ ਔਖੇ ।
ਭਾਂਬੜ ਪਿਆਰ ਦੇ ਬਲੇ ਹੋਏ ਬੁਝਦੇ ਨਹੀਂ,
ਬੁਝ ਜਾਣ ਤੇ ਬਾਲਣੇ ਬੜੇ ਔਖੇ।
ਦਿਲ ਪਿਆਰ ਦੇ ਹੁੰਦੇ ਨੇ ਕ ਵਰਗੇ,
ਹੋ ਜਾਂਦੇ ਸੰਭਾਲਣੇ ਬੜੇ ਔਖੇ ।
ਕਰੇ ਰਬ ਨਾ ਜੇ ਕਦੀ ਟੁਟ ਜਾਵਣ,
ਫੇਰ ਸਾਬਤ ਵਿਖਾਲਣੇ ਬੜੇ ਔਖੇ ।
ਮਸਲੇ ਮੋਹ ਮੁਹੱਬਤ ਤੇ ਪਿਆਰ ਵਾਲੇ,
ਗਲਾਂ ਨਾਲ ਨਿਕਾਲਣੇ ਬੜੇ ਔਖੇ।
ਗਲਾਂ ਕਰਨੀਆਂ ਯਾਰੋ ਸੁਖੱਲੀਆਂ ਨੇ,
ਨਿਹੁੰ ਲਾ ਕੇ ਪਾਲਣੇ ਬੜੇ ਔਖੇ ।

੧੦੬.