ਸਮੱਗਰੀ 'ਤੇ ਜਾਓ

ਪੰਨਾ:ਆਤਿਸ਼ਪਾਰੇ - ਸਆਦਤ ਹਸਨ ਮੰਟੋ.pdf/11

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਖ਼ੂਨੀ ਥੁੱਕ

ਗੱਡੀ ਆਉਣ ਵਿੱਚ ਅਜੇ ਕੁਝ ਦੇਰ ਬਾਕੀ ਸੀ।

ਮੁਸਾਫ਼ਰਾਂ ਦੇ ਝੁੰਡਾਂ ਦੇ ਝੁੰਡ ਪਲੇਟਫ਼ਾਰਮ ਦੇ ਸੰਗੀਨ ਸੀਨੇ ਨੂੰ ਰੋਂਦਦੇ ਹੋਏ ਇੱਧਰ-ਉੱਧਰ ਘੁੰਮ ਰਹੇ ਸਨ। ਫਲ਼ ਵੇਚਣ ਵਾਲ਼ੀ ਗੱਡੀਆਂ ਰਬੜ ਦੇ ਟਾਇਰਾਂ ਦੇ ਪਹੀਆਂ 'ਤੇ ਚੁੱਪਚਾਪ ਤੈਰ ਰਹੀਆਂ ਸਨ। ਬਿਜਲੀ ਦੇ ਸੈਂਕੜੇ ਬਲਬ ਆਪਣੀਆਂ ਨਾ ਝਪਕਣ ਵਾਲੀਆਂ ਅੱਖਾਂ ਵਿੱਚੋਂ ਇੱਕ ਦੂਸਰੇ ਨੂੰ ਟਿਕਟਿਕੀ ਲਗਾਈ ਦੇਖ ਰਹੇ ਸਨ। ਬਿਜਲੀ ਦੇ ਪੱਖੇ ਠੰਢੇ ਸਾਹਾਂ ਦੇ ਰੂਪ ਵਿੱਚ ਆਪਣੀ ਹਵਾ ਪਲੇਟਫ਼ਾਰਮ ਦੀ ਗੰਧਲੀ ਫ਼ਿਜ਼ਾ ਵਿੱਚ ਬਿਖੇਰ ਰਹੇ ਸਨ। ਦੂਰ ਰੇਲ ਦੀ ਪਟੜੀ ਦੇ ਕੋਲ਼ ਇੱਕ ਲੈਂਪ ਆਪਣੀਆਂ ਸੁਰਖ਼ ਨਿਗਾਹਾਂ ਨਾਲ਼ ਮੁਸਾਫ਼ਰਾਂ ਦੇ ਆਉਣ ਜਾਣ ਨੂੰ ਗ਼ੌਰ ਨਾਲ਼ ਦੇਖ ਰਿਹਾ ਸੀ...। ਪਲੇਟਫ਼ਾਰਮ ਦੀ ਫ਼ਿਜ਼ਾ ਸਿਗਰਟ ਦੇ ਤੇਜ਼ ਧੂੰਏਂ ਅਤੇ ਮੁਸਾਫ਼ਰਾਂ ਦੇ ਸ਼ੋਰ ਵਿੱਚ ਲਿਪਟੀ ਹੋਈ ਸੀ।

ਪਲੇਟਫ਼ਾਰਮ 'ਤੇ ਹਰ ਇੱਕ ਸ਼ਖਸ ਆਪਣੀ ਆਪਣੀ ਧੁਨ ਵਿੱਚ ਮਸਤ ਸੀ। ਬੈਂਚ 'ਤੇ ਬੈਠੇ ਤਿੰਨ-ਚਾਰ ਜਣੇ ਆਪਣੀ ਹੋਣ ਵਾਲ਼ੀ ਸੈਰ ਬਾਰੇ ਗੱਲਾਂ ਕਰ ਰਹੇ ਸਨ। ਇੱਕ ਜਣਾ ਘੜੀ ਦੇ ਹੇਠ ਖ਼ੁਦਾ ਜਾਣੇ ਕਿਨ੍ਹਾਂ ਖ਼ਿਆਲਾਂ ਵਿੱਚ ਗ਼ਰਕ ਮੂੰਹ ਵਿੱਚ ਗੁਣਗੁਣਾ ਰਿਹਾ ਸੀ। ਦੂਰ ਕੋਨੇ ਵਿੱਚ ਨਵਾਂ ਵਿਆਹਿਆ ਜੋੜਾ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ। ਖ਼ਾਵੰਦ ਆਪਣੀ ਬੀਵੀ ਨੂੰ ਕੁਝ ਖਾਣ ਦੇ ਲਈ ਕਹਿ ਰਿਹਾ ਸੀ। ਉਸ ਨੇ ਸ਼ਰਮਾ ਕੇ ਮੁਸਕਰਾ ਦਿੱਤਾ ਸੀ, ਪਲੇਟਫ਼ਾਰਮ ਦੇ ਦੂਸਰੇ ਸਿਰੇ 'ਤੇ ਇੱਕ ਨੌਜਵਾਨ ਕੁਲੀਆਂ ਦੇ ਨਾਲ਼ ਲੜਖੜਾ ਕੇ ਚੱਲ ਰਿਹਾ ਸੀ, ਜਿਨ੍ਹਾਂ ਨੇ ਉਸ ਦੀ ਭੈਣ ਦਾ ਤਾਬੂਤ ਉਠਾਇਆ ਹੋਇਆ ਸੀ। ਪੰਜ ਛੇ ਫ਼ੌਜੀ ਗੋਰੇ ਹੱਥਾਂ ਵਿੱਚ ਡੰਡੇ ਲਈ ਅਤੇ ਸੀਟੀਆਂ ਵਜਾਉਂਦੇ ਰਿਫ਼ਰੈਸ਼ਮੈਂਟ ਰੂਮ ਵਿੱਚੋਂ ਸ਼ਰਾਬ ਪੀ ਕੇ ਨਿਕਲ ਰਹੇ ਸਨ। ਬੁੱਕ ਸਟਾਲ 'ਤੇ ਕੁਝ ਮੁਸਾਫ਼ਰ ਅਪਣਾ ਵਕਤ ਟਾਲਣ ਦੀ ਖ਼ਾਤਿਰ ਐਵੇਂ ਹੀ ਕਿਤਾਬਾਂ ਨੂੰ ਉਲਟ ਪਲਟ ਕੇ ਦੇਖਣ ਵਿੱਚ ਮਸ਼ਗੂਲ ਸਨ। ਬਹੁਤ ਸਾਰੇ ਕੁਲੀ ਲਾਲ ਵਰਦੀਆਂ ਪਾਈ ਗੱਡੀ ਦੀ ਰੌਸ਼ਨੀ ਦਾ ਉਮੀਦ ਭਰੀਆਂ ਨਿਗਾਹਾਂ ਨਾਲ਼ ਇੰਤਜ਼ਾਰ ਕਰ ਰਹੇ ਸਨ... ... ਰਿਫ਼ਰੈਸ਼ਮੈਂਟ ਰੂਮ ਦੇ ਅੰਦਰ ਇੱਕ ਸਾਹਿਬ ਅੰਗਰੇਜ਼ੀ ਲਿਬਾਸ ਵਿੱਚ ਸਜੇ ਸਿਗਾਰ ਦਾ ਧੂੰਆਂ ਉਡਾ ਕੇ ਵਕਤ ਕੱਟਣ ਦੀ ਕੋਸ਼ਿਸ਼ ਕਰ ਰਹੇ ਸਨ।

"ਕੁਲੀਆਂ ਦੀ ਜ਼ਿੰਦਗੀ ਗਧਿਆਂ ਨਾਲ਼ੋਂ ਵੀ ਬਦਤਰ ਹੈ।"
"ਪਰ ਮੀਆਂ ਕੀ ਕਰੀਏ ਆਖ਼ਿਰ ਢਿੱਡ ਕਿਥੋਂ ਪਾਲੀਏ?"
"ਇੱਕ ਕੁਲੀ ਦਿਨ ਭਰ ਵਿੱਚ ਕਿਤਨਾ ਕਮਾ ਲੈਂਦਾ ਹੋਣਾ।"
"ਇਹੀ ਅੱਠ ਦਸ ਆਨੇ ... ...।"

11/ ਆਤਿਸ਼ਪਾਰੇ