ਰੇਸ਼ਮੀ ਰੁਮਾਲ ਨਾਲ਼ ਸਾਫ਼ ਕਰਨ ਦੇ ਬਾਅਦ ਉਹ ਉੱਠਿਆ ਅਤੇ ਆਹਿਸਤਾ-ਆਹਿਸਤਾ ਦਰਵਾਜ਼ੇ ਵੱਲ ਵਧਿਆ।
ਸਾਹਿਬ ਨੂੰ ਦਰਵਾਜ਼ੇ ਵੱਲ ਜਾਂਦਾ ਦੇਖ ਕੇ ਇੱਕ ਨੌਕਰ ਨੇ ਜਲਦੀ ਨਾਲ਼ ਦਰਵਾਜ਼ਾ ਖੋਲ੍ਹ ਦਿੱਤਾ, ਮੁਸਾਫ਼ਰ ਬੜੀ ਠਾਠ ਨਾਲ਼ ਟਹਿਲਦਾ-ਟਹਿਲਦਾ ਪਲੇਟਫ਼ਾਰਮ ਦੀ ਭੀੜ ਵਿੱਚ ਗੁੰਮ ਹੋ ਗਿਆ।
ਦੂਰ ਰੇਲ ਦੀਆਂ ਲੋਹੇ ਦੀਆਂ ਪਟੜੀਆਂ ਦੇ ਦਰਮਿਆਨ ਚੁੰਧਿਆ ਦੇਣ ਵਾਲ਼ੀ ਰੌਸ਼ਨੀ ਦਾ ਇੱਕ ਧੱਬਾ ਨਜ਼ਰ ਆ ਰਿਹਾ ਸੀ ਜੋ ਆਹਿਸਤਾ-ਆਹਿਸਤਾ ਨੇੜੇ-ਤੇੜੇ ਦੇ ਹਨੇਰੇ ਚੀਰਦਾ ਹੋਇਆ ਵੱਡਾ ਹੋ ਰਿਹਾ ਸੀ।
ਥੋੜ੍ਹੀ ਦੇਰ ਬਾਅਦ ਇਹ ਧੱਬਾ ਰੌਸ਼ਨੀ ਦੀ ਇੱਕ ਲੰਬੀ ਧਾਰ ਵਿੱਚ ਤਬਦੀਲ ਹੋ ਗਿਆ ਅਤੇ ਅਚਾਨਕ ਇੰਜਣ ਦੀ ਚੁੰਧਿਆ ਦੇਣ ਵਾਲ਼ੀ ਰੌਸ਼ਨੀ ਇੱਕ ਪਲ ਦੇ ਲਈ ਪਲੇਟਫ਼ਾਰਮ ਦੇ ਬਲਬਾਂ ਨੂੰ ਅੰਨ੍ਹਾ ਕਰਦੀ ਹੋਈ ਬੁਝ ਗਈ। ਨਾਲ਼ ਹੀ ਕੁਝ ਅਰਸੇ ਦੇ ਲਈ ਇੰਜਣ ਦੇ ਲੋਹੇ ਦੇ ਪਹੀਆਂ ਦੀ ਭਾਰੀ ਗੜਗੜਾਹਟ ਹੇਠਲੇ ਪਲੇਟਫ਼ਾਰਮ ਦੇ ਸ਼ੋਰ ਦੱਬ ਕੇ ਰਹਿ ਗਈ. ਇਕ ਚੀਖ ਨਾਲ਼ ਗੱਡੀ ਸਟੇਸ਼ਨ ਦੇ ਸੰਗੀਨ ਚਬੂਤਰੇ ਦੇ ਪਹਿਲੂ ਵਿੱਚ ਖੜ੍ਹੀ ਹੋ ਗਈ।
ਪਲੇਟਫ਼ਾਰਮ ਦਾ ਦੱਬਿਆ ਹੋਇਆ ਸ਼ੋਰ ਇੰਜਣ ਦੀ ਗੜਗੜਾਹਟ ਤੋਂ ਆਜ਼ਾਦ ਹੋ ਕੇ ਇੱਕ ਨਵੀਂ ਤਾਜ਼ਗੀ ਨਾਲ਼ ਬੁਲੰਦ ਹੋਇਆ। ਮੁਸਾਫ਼ਰਾਂ ਦੀ ਦੌੜ ਭੱਜ, ਬੱਚਿਆਂ ਦੇ ਰੋਣ ਦੀ ਆਵਾਜ਼, ਕੁਲੀਆਂ ਦੀ ਭੱਜ ਦੌੜ, ਅਸਬਾਬ ਲਾਹੁਣ ਦਾ ਸ਼ੋਰ, ਠੇਲ੍ਹਿਆਂ ਦੀ ਖੜਖੜਾਹਟ, ਛਾਬੜੀ ਵਾਲਿਆਂ ਦੀਆਂ ਬੁਲੰਦ ਆਵਾਜ਼ਾਂ, ਸ਼ੰਟਿੰਗ ਕਰਦੇ ਹੋਏ ਇੰਜਣ ਦੀਆਂ ਦਹਿਲਾ ਦੇਣ ਵਾਲੀਆਂ ਚੀਕਾਂ ਅਤੇ ਭਾਫ਼ ਨਿਕਲਣ ਦੀ ਥਾਂ ਸ਼ਾਂ, ਪਲੇਟਫ਼ਾਰਮ ਦੀ ਲੋਹੇ ਦੀ ਛੱਤ ਥੱਲੇ ਫ਼ਿਜ਼ਾ ਵਿੱਚ ਇੱਕ ਦੂਸਰੇ ਨਾਲ਼ ਟਕਰਾਉਂਦੇ ਹੋਏ ਤੈਰ ਰਹੀਆਂ ਸਨ।
"ਖਾਲਿਦ ... ਵਹੀਦ ਨੂੰ ਦੇਖਿਆ ਕਿਸੇ ਡੱਬੇ ਵਿੱਚ?"
“ਨਹੀਂ ਤਾਂ”
“ਖੁਦਾ ਜਾਣੇ ਇਸ ਗੱਡੀ ਆਇਆ ਵੀ ਹੈ ਜਾਂ ਨਹੀਂ।”
“ਤਾਰ ਵਿੱਚ ਤਾਂ ਇਸੇ ਗੱਡੀ ਦਾ ਜ਼ਿਕਰ ਸੀ... ...। ਉਹ ਡੱਬੇ ਵਿੱਚ ਕੌਣ ਹੈ ...ਵਾਹਿਦl
“ਹਾਂ, ਹਾਂ, ਵਹੀਦ।”
ਦੋਨੋਂ ਦੋਸਤ ਭੱਜਦੇ ਹੋਏ ਉਸ ਡੱਬੇ ਵੱਲ ਵਧੇ ਜਿਸ ਵਿੱਚੋਂ ਵਹੀਦ ਅਪਣਾ ਅਸਬਾਬ ਉਤਰਵਾ ਰਿਹਾ ਸੀ।
ਰਿਫਰੈਸ਼ਮੈਂਟ ਰੂਮ ਵਾਲ਼ਾ ਮੁਸਾਫ਼ਰ ਤੇਜ਼ੀ ਨਾਲ਼ ਫ਼ਸਟ ਕਲਾਸ ਕੰਪਾਰਟਮੈਂਟ ਵੱਲ
ਵਧਿਆ। ਬਾਹਰ ਦਰਵਾਜ਼ੇ 'ਤੇ ਲੱਗੇ ਹੋਏ ਕਾਗ਼ਜ਼ ਨੂੰ ਇੱਕ ਨਜ਼ਰ ਦੇਖਣ ਦੇ ਬਾਅਦ ਦਰਵਾਜ਼ਾ ਖੋਲ੍ਹ ਕੇ ਡੱਬੇ ਦੇ ਅੰਦਰ ਵੜ ਗਿਆ ਅਤੇ ਪਿੱਤਲ ਦਾ ਡੰਡਾ ਫੜ ਕੇ ਕੁਲੀ ਅਤੇ ਆਪਣੇ ਅਸਬਾਬ ਦਾ ਇੰਤਜ਼ਾਰ ਕਰਨ ਲੱਗਾ।
15 / ਆਤਿਸ਼ਪਾਰੇ