ਸਮੱਗਰੀ 'ਤੇ ਜਾਓ

ਪੰਨਾ:ਆਤਿਸ਼ਪਾਰੇ - ਸਆਦਤ ਹਸਨ ਮੰਟੋ.pdf/16

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕੁਲੀ ਅਸਬਾਬ ਨਾਲ਼ ਲੱਦਿਆ ਗੱਡੀ ਦੇ ਡੱਬਿਆਂ ਵੱਲ ਦੇਖ ਦੇਖ ਕੇ ਦੌੜਿਆ ਆ ਰਿਹਾ ਸੀ। ਮੁਸਾਫ਼ਰ ਨੇ ਉਸ ਨੂੰ ਹਾਕ ਮਾਰੀ।

"ਓਏ ਅੰਨ੍ਹੇ, ਇੱਧਰ ਆ!"

ਕੁਲੀ ਨੇ ਮੁਸਾਫ਼ਰ ਦੀ ਆਵਾਜ਼ ਪਛਾਣ ਕੇ ਇੱਧਰ ਇੱਧਰ ਨਿਗਾਹ ਦੌੜਾਈ ਪਰ ਭੀੜ ਵਿੱਚ ਖ਼ੁਦ ਮੁਸਾਫ਼ਰ ਨਾ ਦਿਸਿਆ, ਉਹ ਅਜੇ ਇਸੇ ਪ੍ਰੇਸ਼ਾਨੀ ਦੀ ਹਾਲਤ ਵਿੱਚ ਹੀ ਸੀ ਕਿ ਇੱਕ ਹੋਰ ਆਵਾਜ਼ ਆਈ।

"ਕਿਉਂ। ਨਜ਼ਰ ਨਹੀਂ ਆ ਰਿਹਾ? ਇਧਰ, ਇਧਰ। ਨੱਕ ਦੀ ਸੇਧ!"

ਕੁੱਲੀ ਨੇ ਮੁਸਾਫ਼ਰ ਨੂੰ ਦੇਖ ਲਿਆ ਅਤੇ ਅਸਬਾਬ ਲੈ ਕੇ ਉਸ ਦੇ ਡੱਬੇ ਕੋਲ਼ ਜਾ ਖੜ੍ਹਾ ਹੋ ਗਿਆ।

"ਸਾਹਿਬ, ਇੱਕ ਪਾਸੇ ਹਟ ਜਾਓ ਮੈਂ ਅਸਬਾਬ ਅੰਦਰ ਰੱਖ ਦਿਆਂ।"

"ਹਾਂ ਰੱਖ ਦੇ!" ਦਰਵਾਜ਼ੇ ਦੇ ਕੋਲ਼ ਇੱਕ ਗੱਦੇਦਾਰ ਸੀਟ 'ਤੇ ਬੈਠਦੇ ਹੋਏ ਬੋਲਿਆ, "ਪਰ ਏਨਾ ਚਿਰ ਸੌਂ ਰਿਹਾ ਸੀ। ਖ਼ਾਨਸਾਮੇ ਨੇ ਤੈਨੂੰ ਇਹ ਨਹੀਂ ਕਿਹਾ ਸੀ ਕਿ ਸਾਹਿਬ ਦਾ ਸਾਮਾਨ ਚੁੱਕ ਕੇ ਗੱਡੀ ਆਉਂਦੇ ਹੀ ਫ਼ੌਰਨ ਡੱਬੇ ਵਿੱਚ ਰੱਖ ਦੇਣਾ?"

"ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਕਿਸ ਡੱਬੇ ਵਿੱਚ ਸਵਾਰ ਹੋ।" ਕੁਲੀ ਨੇ ਇੱਕ ਭਾਰੀ ਟਰੰਕ ਚੁੱਕ ਕੇ ਉਪਰਲੀ ਸੀਟ 'ਤੇ ਰੱਖਦੇ ਹੋਏ ਕਿਹਾ।

"ਇਹ ਡੱਬਾ ਸਾਡਾ ਰਿਜ਼ਰਵ ਕਰਾਇਆ ਹੋਇਆ ਹੈ, ਬਾਹਰ ਚਿਟ 'ਤੇ ਨਾਮ ਵੀ ਲਿਖਿਆ ਹੋਇਆ ਹੈ।

"ਤੁਸੀਂ ਪਹਿਲਾਂ ਇਹ ਕਿਹਾ ਹੁੰਦਾ ਤਾਂ ਹਰਗਿਜ਼ ਇਹ ਦੇਰ ਨਾ ਹੁੰਦੀ"... ਇੱਕ, ਦੋ, ਤਿੰਨ... ... ... ... ਅੱਠ... ਅਤੇ ਦਸ, ਕੁਲੀ ਨੇ ਅਸਬਾਬ ਦੀਆਂ ਅੱਡ ਅੱਡ ਚੀਜ਼ਾਂ ਗਿਣਨੀਆਂ ਸ਼ੁਰੂ ਕਰ ਦਿੱਤੀਆਂ।

ਸਾਮਾਨ ਕਰੀਨੇ ਨਾਲ਼ ਰੱਖਣ ਦੇ ਬਾਅਦ ਕੁਲੀ ਨੇ ਆਪਣੀ ਤਸੱਲੀ ਦੇ ਲਈ ਇੱਕ ਵਾਰ ਫਿਰ ਚੀਜ਼ਾਂ 'ਤੇ ਨਿਗਾਹ ਮਾਰੀ ਅਤੇ ਪਲੇਟਫ਼ਾਰਮ 'ਤੇ ਉੱਤਰ ਗਿਆ।

"ਸਾਹਿਬ, ਆਪਣਾ ਸਾਮਾਨ ਪੂਰਾ ਕਰ ਲਓ।"

ਮੁਸਾਫ਼ਰ ਨੇ ਬੜੀ ਬੇਪਰਵਾਹੀ ਨਾਲ਼ ਆਪਣੀ ਜੇਬ ਵਿੱਚੋਂ ਇੱਕ ਨਫ਼ੀਸ ਬਟੂਆ ਕੱਢਿਆ ਅਤੇ ਅਜੇ ਖੋਲ੍ਹ ਕੇ ਮਜ਼ਦੂਰੀ ਅਦਾ ਕਰਨ ਵਾਲ਼ਾ ਹੀ ਸੀ ਕਿ ਉਸ ਨੂੰ ਕੁਝ ਯਾਦ ਆਇਆ।

"ਸਾਡੀ ਸੋਟੀ ਕਿੱਥੇ ਹੈ?"

"ਸੋਟੀ?... ਸੋਟੀ ਤੁਹਾਡੇ ਕੋਲ਼ ਸੀ"

"ਮੇਰੇ ਕੋਲ਼, ਕੀ ਬਕਦਾ ਹੈਂ ... ...! ਉਥੇ ਹੀ ਛੱਡ ਆਇਆ ਹੋਏਂਗਾ ਤੂੰ!"

"ਸੋਟੀ ਤੁਹਾਡੇ ਕੋਲ਼ ਸੀ...। ਪਰ ਸਾਹਿਬ ਇਸ ਸਖ਼ਤ ਕਲਾਮੀ ਨਾਲ਼ ਪੇਸ਼ ਆਉਣਾ ਦਰੁਸਤ ਨਹੀਂ, ਜਦ ਮੈਂ ਕੋਈ ਖ਼ਤਾ ਹੀ ਨਹੀਂ ਕੀਤ... ... ...।"

ਕੁਲੀ ਦੇ ਮੂੰਹੋਂ ਇਸ ਕਿਸਮ ਦੇ ਬੋਲ ਸੁਣ ਕੇ ਮੁਸਾਫ਼ਰ ਅੱਗ ਭਮੂਕਾ ਹੋ ਗਿਆ

16/ ਆਤਿਸ਼ਪਾਰੇ