ਸਮੱਗਰੀ 'ਤੇ ਜਾਓ

ਪੰਨਾ:ਆਤਿਸ਼ਪਾਰੇ - ਸਆਦਤ ਹਸਨ ਮੰਟੋ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤਾਂ ਫਿਰ ਇਸਦਾ ਇਲਾਜ ਕਰਨਾ ਤੁਹਾਡਾ ਫ਼ਰਜ਼ ਹੈ... ਕੀ ਤੁਸੀਂ ਕੋਈ ਤਰੀਕਾ ਨਹੀਂ ਦੱਸ ਸਕਦੇ ਕਿ ਇਸ ਇਨਸਾਨੀ ਨਿਰਾਦਰ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ...ਪਰ ਆਹ! ਤੁਹਾਨੂੰ ਪਤਾ ਨਹੀਂ, ਮੈਨੂੰ ਖੁਦ ਪਤਾ ਨਹੀਂ!"

ਥੋੜ੍ਹੀ ਦੇਰ ਦੇ ਬਾਅਦ ਉਹ ਮੇਰਾ ਹੱਥ ਫੜ ਕੇ ਰਾਜ਼ਦਾਰਾਨਾ ਲਹਿਜੇ ਵਿੱਚ ਇਵੇਂ ਕਹਿਣ ਲੱਗਾ, "ਅੱਬਾਸ! ਲੋਕ ਸਖ਼ਤ ਤਕਲੀਫ਼ ਬਰਦਾਸ਼ਤ ਕਰ ਰਹੇ ਹਨ। ਕਈ ਵਾਰ ਜਦੋਂ ਕਦੇ ਮੈਂ ਕਿਸੇ ਜਲੇ ਹਾਲ ਇਨਸਾਨ ਦੇ ਸੀਨੇ ਵਿੱਚੋਂ ਆਹ ਬੁਲੰਦ ਹੁੰਦੀ ਵੇਖਦਾ ਹਾਂ ਤਾਂ ਮੈਨੂੰ ਅੰਦੇਸ਼ਾ ਹੁੰਦਾ ਹੈ ਕਿ ਕਿਤੇ ਸ਼ਹਿਰ ਨਾ ਸੜ ਜਾਵੇ! ਚੰਗਾ ਹੁਣ ਮੈਂ ਚੱਲਦਾ ਹਾਂ,ਤੂੰ ਲਾਹੌਰ ਵਾਪਸ ਕਦੋਂ ਜਾ ਰਿਹਾ ਹੈਂ?"

ਇਹ ਕਹਿ ਕੇ ਉਹ ਉਠਿਆ ਅਤੇ ਟੋਪੀ ਸੰਭਾਲ ਕੇ ਬਾਹਰ ਚੱਲਣ ਲੱਗਾ।

"ਰੁਕ! ਮੈਂ ਵੀ ਤੇਰੇ ਨਾਲ਼ ਚੱਲਦਾ ਹਾਂ... ਕਿੱਥੇ ਜਾਏਂਗਾ ਹੁਣ?” ਉਸਨੂੰ ਇੱਕਦਮ ਕਿਤੇ ਜਾਣ ਲਈ ਤਿਆਰ ਵੇਖ ਕੇ ਮੈਂ ਉਸਨੂੰ ਫ਼ੌਰਨ ਹੀ ਕਿਹਾ।

"ਪਰ ਮੈਂ ਇਕੱਲਾ ਜਾਣਾ ਚਾਹੁੰਦਾ ਹਾਂ... ਕਿਸੇ ਬਾਗ਼ ਵਿੱਚ ਜਾਵਾਂਗਾ।"

ਮੈਂ ਖਾਮੋਸ਼ ਹੋ ਗਿਆ ਅਤੇ ਉਹ ਹੋਟਲ ਵਿੱਚੋਂ ਨਿਕਲ ਕੇ ਬਾਜ਼ਾਰ ਦੀ ਭੀੜ ਵਿੱਚ ਗੁੰਮ ਹੋ ਗਿਆ। ਇਸ ਗੱਲਬਾਤ ਦੇ ਚੌਥੇ ਦਿਨ ਮੈਨੂੰ ਲਾਹੌਰ ਵਿੱਚ ਖਬਰ ਮਿਲੀ ਕਿ ਸਲੀਮ ਨੇ ਮੇਰੇ ਜਾਣ ਦੇ ਬਾਅਦ ਬਾਜ਼ਾਰਾਂ ਵਿੱਚ ਦੀਵਾਨਾਵਾਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ, ਇਸ ਲਈ ਉਸਨੂੰ ਪਾਗਲਖਾਨੇ ਵਿੱਚ ਦਾਖਲ ਕਰ ਲਿਆ ਗਿਆ ਹੈ।

31 / ਆਤਿਸ਼ਪਾਰੇ