ਆਈ ਕਿ ਉਬਲਦਾ ਹੋਇਆ ਪਾਣੀ ਆਪਣੇ ਸਿਰ ਵਿੱਚ ਪਾ ਲਵੇ ਅਤੇ ਇਸ ਤਰ੍ਹਾਂ ਉਸ ਅਦਿੱਖ ਤਾਕਤ ਤੋਂ ਜੋ ਇਸ ਕੰਮ ਵਿੱਚ ਅੜਿੱਕਾ ਬਣ ਰਹੀ ਸੀ, ਛੁਟਕਾਰਾ ਪਾ ਲਵੇ। ਪਰ ਪਾਣੀ ਇੰਨਾ ਗਰਮ ਸੀ ਕਿ ਉਸਦੇ ਦਿਮਾਗ਼ ਤੱਕ ਨੂੰ ਪਿਘਲਾ ਦਿੰਦਾ। ਸੋ ਮੂੰਹ ਉੱਤੇ ਠੰਢੇ ਪਾਣੀ ਦੇ ਛਿੱਟੇ ਮਾਰ ਮਾਰ ਕੇ ਉਸਨੇ ਬਾਕੀ ਰਹਿੰਦੇ ਭਾਂਡੇ ਸਾਫ਼ ਕੀਤੇ। ਇਹ ਕੰਮ ਕਰਨ ਦੇ ਬਾਅਦ ਉਸਨੇ ਸੁੱਖ ਦਾ ਸਾਹ ਲਿਆ। ਹੁਣ ਉਹ ਆਰਾਮ ਨਾਲ਼ ਸੌਂ ਸਕਦਾ ਸੀ ਅਤੇ ਨੀਂਦ..., ਉਹ ਨੀਂਦ, ਜਿਸਦੇ ਲਈ ਉਸਦੀਆਂ ਅੱਖਾਂ ਅਤੇ ਦਿਮਾਗ਼ ਇਸ ਸ਼ਿੱਦਤ ਨਾਲ਼ ਇੰਤਜ਼ਾਰ ਕਰ ਰਹੇ ਸਨ, ਹੁਣ ਬਿਲਕੁਲ ਨਜ਼ਦੀਕ ਸੀ।
ਰਸੋਈ ਦੀ ਰੌਸ਼ਨੀ ਬੁਝਾ ਦੇਣ ਤੋਂ ਬਾਅਦ ਕਾਸਿਮ ਨੇ ਬਾਹਰ ਬਰਾਂਡੇ ਵਿੱਚ ਆਪਣਾ ਬਿਸਤਰ ਵਿਛਾ ਲਿਆ ਅਤੇ ਲੇਟ ਗਿਆ। ਇਸਤੋਂ ਪਹਿਲ਼ਾਂ ਕਿ ਨੀਂਦ ਉਸਨੂੰ ਆਪਣੀਆਂ ਨਰਮ-ਨਰਮ ਬਾਹਾਂ ਵਿੱਚ ਸਮੇਟ ਲਵੇ, ਉਸਦੇ ਕੰਨ "ਸ਼ੂ ਸ਼" ਦੀ ਆਵਾਜ਼ ਨਾਲ਼ ਗੂੰਜ ਉੱਠੇ। "ਬਹੁਤ ਚੰਗਾ ਸਾਹਿਬ, ਹੁਣੇ ਪਾਲਿਸ਼ ਕਰਦਾ ਹਾਂ।" ਕਾਸਿਮ ਹੜਬੜਾ ਕੇ ਉਠ ਬੈਠਿਆ। ਅਜੇ ਕਾਸਿਮ ਨੇ ਸ਼ੂਅ ਦਾ ਇੱਕ ਪੈਰ ਵੀ ਚੰਗੀ ਤਰ੍ਹਾਂ ਪਾਲਿਸ਼ ਨਹੀਂ ਕੀਤਾ ਸੀ ਕਿ ਨੀਂਦ ਦੇ ਜ਼ੋਰ ਨੇ ਉਸਨੂੰ ਉਥੇ ਹੀ ਸੁਆ ਦਿੱਤਾ। ਸੂਰਜ ਦੀਆਂ ਲਾਲ ਲਾਲ ਕਿਰਨਾਂ ਮਕਾਨ ਦੇ ਸ਼ੀਸ਼ਿਆਂ ਤੇ ਪਰਗਟ ਹੋਈਆਂ, ਪਰ ਕਾਸਿਮ ਸੁੱਤਾ ਰਿਹਾ।
ਜਦੋਂ ਇੰਸਪੈਕਟਰ ਸਾਹਿਬ ਨੇ ਆਪਣਾ ਨੌਕਰ ਬਾਹਰ ਬਰਾਂਡੇ ਵਿੱਚ ਆਪਣੇ ਕਾਲ਼ੇ ਬੂਟਾਂ ਦੇ ਕੋਲ਼ ਸੁੱਤਾ ਵੇਖਿਆ ਤਾਂ ਉਸਨੂੰ ਠੇਡਾ ਮਾਰ ਕੇ ਜਗਾਉਂਦੇ ਹੋਏ ਕਿਹਾ, "ਇਹ ਸੂਅਰ ਵਾਂਗ ਬੇਹੋਸ਼ ਪਿਆ ਹੈ ਅਤੇ ਮੇਰਾ ਖ਼ਿਆਲ ਸੀ ਕਿ ਇਸਨੇ ਸ਼ੂਅ ਸਾਫ਼ ਕਰ ਲਏ ਹੋਣਗੇ..."
"ਨਮਕ ਹਰਾਮ! ਉਇ ਕਾਸਿਮ"
"ਜੀ ਆਇਆ ਸਾਹਿਬ!"
ਕਾਸਿਮ ਫ਼ੌਰਨ ਉਠ ਕੇ ਬਹਿ ਗਿਆ। ਹੱਥ ਵਿੱਚ ਜਦੋਂ ਉਸਨੇ ਪਾਲਿਸ਼ ਕਰਨ ਵਾਲ਼ਾ ਬੁਰਸ਼ ਵੇਖਿਆ ਅਤੇ ਰਾਤ ਦੇ ਹਨੇਰੇ ਦੀ ਬਜਾਏ ਦਿਨ ਦੀ ਰੌਸ਼ਨੀ ਵੇਖੀ ਤਾਂ ਉਸਦੀ ਜਾਨ ਖ਼ਤਾ ਹੋ ਗਈ। "ਮੈਂ ਸੌਂ ਗਿਆ ਸੀ ਸਾਹਿਬ! ਪਰ... ਪਰ ਸ਼ੂਅ ਹੁਣੇ ਪਾਲਿਸ਼ ਹੋ ਜਾਂਦੇ ਨੇ ਸਾਹਿਬ।" ਇਹ ਕਹਿ ਕੇ ਉਸਨੇ ਜਲਦੀ ਜਲਦੀ ਪਾਲਿਸ਼ ਕਰਨਾ ਸ਼ੁਰੂ ਕਰ ਦਿੱਤਾ। ਪਾਲਿਸ਼ ਕਰਨ ਦੇ ਬਾਅਦ ਉਸਨੇ ਆਪਣਾ ਬਿਸਤਰ ਬੰਦ ਕੀਤਾ ਅਤੇ ਉਸਨੂੰ ਉੱਪਰ ਦੇ ਕਮਰੇ ਵਿੱਚ ਰੱਖਣ ਚਲਾ ਗਿਆ।
"ਕਾਸਿਮ!"
"ਜੀ ਆਇਆ ਸਾਹਿਬ!"
ਕਾਸਿਮ ਭੱਜਿਆ ਹੋਇਆ ਹੇਠਾਂ ਆਇਆ ਅਤੇ ਆਪਣੇ ਆਕਾ ਦੇ ਕੋਲ਼ ਖੜ੍ਹਾ ਹੋ ਗਿਆ।
"ਵੇਖ, ਅੱਜ ਸਾਡੇ ਮਹਿਮਾਨ ਆਉਣਗੇ, ਇਸ ਲਈ ਰਸੋਈ ਦੇ ਸਾਰੇ ਭਾਂਡੇ ਚੰਗੀ ਤਰ੍ਹਾਂ ਸਾਫ਼ ਕਰ ਰੱਖਣਾ। ਫ਼ਰਸ਼ ਧੋਤਾ ਹੋਇਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੂੰ ਡਰਾਇੰਗ ਰੂਮ ਦੀਆਂ ਤਸਵੀਰਾਂ, ਮੇਜ਼ ਅਤੇ ਕੁਰਸੀਆਂ ਵੀ ਸਾਫ਼ ਕਰਨੀਆਂ ਹੋਣਗੀਆਂ...
34/ ਆਤਿਸ਼ਪਾਰੇ