ਸਮੱਗਰੀ 'ਤੇ ਜਾਓ

ਪੰਨਾ:ਆਤਿਸ਼ਪਾਰੇ - ਸਆਦਤ ਹਸਨ ਮੰਟੋ.pdf/67

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸੰਤੁਸ਼ਟ ਹਨ। ਜੇ ਤੈਨੂੰ ਆਪਣੀ ਰੂਹ ਦੀ ਬੁਲੰਦੀ ਹਾਸਿਲ ਕਰਦੇ ਰਹਿਣਾ ਮਨਜ਼ੂਰ ਹੈ ਤਾਂ ਐਸੇ ਲੋਕਾਂ ਤੋਂ ਹਮੇਸ਼ਾ ਦੂਰ ਰਹਿਣ ਦੀ ਕੋਸ਼ਿਸ਼ ਕਰਨਾ। ਉਨ੍ਹਾਂ ਦਾ ਅਹਿਸਾਸ ਪਬਰਾ ਗਿਆ ਹੈ। ਭਵਿੱਖ ਦੇ ਜਾਂ-ਬਖ਼ਸ਼ ਦ੍ਰਿਸ਼ ਉਨ੍ਹਾਂ ਦੀਆਂ ਨਿਗਾਹਾਂ ਤੋਂ ਹਮੇਸ਼ਾ ਓਹਲੇ ਰਹਿਣਗੇ। ਚੰਗਾ, ਹੁਣ ਮੈਂ ਚੱਲਦਾ ਹਾਂ।"

ਉਸ ਨੇ ਬੜੇ ਪਿਆਰ ਨਾਲ ਮੇਰਾ ਹੱਥ ਘੁੱਟਿਆ ਤੇ ਇਸ ਤੋਂ ਪਹਿਲਾਂ ਕਿ ਮੈਂ ਉਸ ਨਾਲ਼ ਕੋਈ ਹੋਰ ਗੱਲ ਕਰਦਾ ਉਹ ਲੰਬੇ ਕਦਮ ਉਠਾਉਂਦਾ ਹੋਇਆ ਝਾੜੀਆਂ ਦੇ ਝੁੰਡ ਵਿੱਚ ਗ਼ਾਇਬ ਹੋ ਗਿਆ।

ਬਾਗ਼ ਦੀ ਫ਼ਿਜ਼ਾ 'ਤੇ ਖਾਮੋਸ਼ੀ ਤਾਰੀ ਸੀ। ਮੈਂ ਸਿਰ ਝੁਕਾਈ ਰੱਬ ਜਾਣੇ ਕਿੰਨਾ ਚਿਰ ਆਪਣੇ ਖ਼ਿਆਲਾਂ ਵਿੱਚ ਡੁੱਬਿਆ ਰਿਹਾ ਕਿ ਅਚਾਨਕ ਉਸ ਸ਼ਾਇਰ ਦੀ ਆਵਾਜ਼ ਰਾਤ ਦੀ ਰਾਣੀ ਦੀ ਦਿਲ-ਨਵਾਜ਼ ਖ਼ੁਸ਼ਬੋ ਵਿੱਚ ਘੁਲ਼ੀ ਹੋਈ ਮੇਰੇ ਕੰਨਾਂ ਤੱਕ ਪਹੁੰਚੀ। ਉਹ ਬਾਗ਼ ਦੀ ਦੂਸਰੀ ਖੂੰਜੇ ਵਿੱਚ ਗਾ ਰਿਹਾ ਸੀ:

"ਜ਼ਮੀਨ ਸਿਤਾਰੋਂ ਕੀ ਤਰਫ਼ ਲਲਚਾਈ
ਹੂਈਂ ਨਜ਼ਰੋਂ ਸੇ ਦੇਖ ਰਹੀ ਹੈ।
ਉਠੋ ਔਰ ਉਨ ਨਗੀਨੋਂ ਕੋ
ਉਸ ਕੇ ਨੰਗੇ ਸੀਨੇ ਪਰ ਜੜ ਦੋ।
ਢਾਓ, ਖੋਦੋ, ਚੀਰੋ, ਮਾਰੋ।
ਮੈਂ ਆਹੋਂ ਕਾ ਵਿਓਪਾਰੀ ਹੂੰ।
ਨਈ ਦੁਨੀਆ ਕੇ ਮੇਮਾਰੋ!
ਕਿਆ ਤੁਮਹਾਰੇ ਬਾਜ਼ੂਓਂ ਮੇਂ ਕੁੱਵਤ ਨਹੀਂ ਹੈ।
ਲਹੂ ਕੀ ਸ਼ਾਇਰੀ ਮੇਰਾ ਕਾਮ ਹੈ।"

ਗੀਤ ਖ਼ਤਮ ਹੋਣ 'ਤੇ ਮੈਂ ਬਾਗ਼ ਵਿੱਚ ਕਿੰਨਾ ਚਿਰ ਬੈਠਾ ਰਿਹਾ, ਇਹ ਮੈਨੂੰ ਬਿਲਕੁਲ ਯਾਦ ਨਹੀਂ। ਅੱਬਾ ਕਹਿੰਦੇ ਹਨ ਕਿ ਮੈਂ ਓਸ ਦਿਨ ਘਰ ਬਹੁਤ ਦੇਰ ਨਾਲ਼ ਆਇਆ ਸੀ।

67/ ਆਤਿਸ਼ਪਾਰੇ