ਪੰਨਾ:ਇਨਕਲਾਬ ਦੀ ਰਾਹ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਚਾਅ ਨਹੀਂ ਰਹਿੰਦਾ ਜੀਵਨ 'ਚ ਬਾਕੀ।

ਤੇ ਡਿਗਣ ਦੀ ਕਰਦਾ ਏ ਇਹ ਜਿਸਮ ਖ਼ਾਕੀ।

ਜਦੋਂ ਦਿਲ ਹੋ ਬਹਿੰਦਾ ਏ ਜੀਵਨ ਤੋਂ ਆਕੀ।

ਮੈਂ ਝਟ ਖੋਹਲ ਕੇ ਕੋਈ 'ਬੀਤੇ ਦੀ ਤਾਕੀ।'


ਦਿਖਾਨਾਂ ਇਹਨੂੰ ਕੋਈ ਐਸਾ ਨਜ਼ਾਰਾ।

ਕਿ ਫਿਰ ਇਸ ਨੂੰ ਲਗ ਪੈਂਦੈ ਜੀਵਨ ਪਿਆਰਾ।


ਘਟਾ ਵਿਚ ਹੈ ਆਉਂਦਾ ਜਦੋਂ ਚੰਦ ਮੇਰਾ।

ਤੇ ਦੁਨੀਆਂ ਤੇ ਦਿਸਦੈ ਹਨੇਰਾ ਹਨੇਰਾ।

ਜਦੋਂ ਸਾਥ ਛਡਣ ਤੇ ਆਉਂਦਾ ਏ ਜੇਰਾ।

ਤੇ ਬੇ-ਆਸ ਲਗਦਾ ਏ ਮੈਨੂੰ ਚੁਫੇਰਾ।


ਤੂੰ ਦੱਸੇਂ ਜਹੀ ਜੋਤ ਨੈਣਾਂ ਚੋਂ ਜਗਦੀ।

ਕਿ ਦੁਨੀਆਂ ਹੈ ਚਾਨਣ ਤੋਂ ਭਰਪੂਰ ਲਗਦੀ।


ਜਦੋਂ ਪਿਆਰ ਦੀ ਆਂਵਦੀ ਤੋਟ ਦਿਲ ਨੂੰ।

ਦੁਖਾਂਦਾ ਕਿਸੇ ਦਾ ਕੋਈ ਖੋਟ ਦਿਲ ਨੂੰ।

ਕੋਈ ਲਾਂਦਾ ਏ ਚੋਟ ਤੇ ਚੋਟ ਦਿਲ ਨੂੰ।

ਤੇ ਦਰਕਾਰ ਹੁੰਦੀ ਏ, ਇਕ ਓਟ ਦਿਲ ਨੂੰ।


ਇਹ ਥਕਿਆ, ਇਕ ਆਰਾਮ-ਗਾਹ ਲੋੜਦਾ ਏ।

ਤੇਰੀ ਗੋਦ ਦੇ ਵਿਚ ਪਨਾਹ ਲੋੜਦਾ ਏ।

੯੬