ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਗਾਹ ਦੀ ਹਿਫ਼ਾਜ਼ਤ

ਕਿਸੇ ਵੀ ਮਨੁੱਖ ਲਈ ਜਾਇਜ਼ ਨਹੀਂ ਕਿ ਉਹ ਆਪਣੀ ਪਤਨੀ ਅਤੇ ਆਪਣੀਆਂ ਮਹਿਰਮ ਔਰਤਾਂ ਤੋਂ ਸਿਵਾ ਕਿਸੇ ਹੋਰ ਔਰਤ ਨੂੰ ਨਿਗਾਹ ਮਾਰ ਕੇ ਵੇਖੇ। ਜੇਕਰ ਇਕ ਬਾਰੀ ਨਜ਼ਰ ਪੈ ਜਾਵੇ ਤਾਂ ਮੁਆਫ਼ ਹੈ ਪਰੰਤੂ ਇਹ ਮੁਆਫ਼ ਨਹੀਂ ਕਿ ਆਦਮੀ ਆਪਣੀ ਨਿਗਾਹ ਜਿੱਥੇ ਕੋਈ ਖਿੱਚ ਵਾਲੀ ਚੀਜ਼ ਹੋਵੇ, ਉੱਥੇ ਨਿਗਾਹਾਂ ਮਾਰਦਾ ਫਿਰੇ।

ਹਜ਼ਰਤ ਜਰੀਰ ਬਿਨ ਅਬਦੁੱਲਾਹ (ਰਜ਼ੀ.) ਕਹਿੰਦੇ ਹਨ ਕਿ ਮੈਂ ਹਜ਼ੂਰ (ਸ.) ਤੋਂ ਪੁੱਛਿਆ ਕਿ ਜੇਕਰ ਅਚਾਨਕ ਨਿਗਾਹ ਮਾਰੀ ਜਾਵੇ ਤਾਂ ਕੀ ਕਰੀਏ?

ਫ਼ਰਮਾਇਆ, ਤੁਰੰਤ ਨਿਗਾਹ ਨੂੰ ਮੋੜ ਲਓ। (ਮੁਸਲਿਮ, ਅਹਿਮਦ, ਤਿਰਮਜ਼ੀ, ਅਬੂ ਦਾਊਦ ਅਤੇ ਨਿਸਾਈ)

ਸ਼ਰਮ ਅਤੇ ਹਯਾ

ਹਜ਼ਰਤ ਉੰਮੇ ਖੁੱਲਾਦ ਦਾ ਲੜਕਾ ਇਕ ਜੰਗ ਵਿਚ ਸ਼ਹੀਦ ਹੋ ਗਿਆ ਸੀ ਅਤੇ ਉਸ ਦੇ ਸਬੰਧ ਵਿਚ ਪਤਾ ਕਰਨ ਲਈ ਹਜ਼ੂਰ (ਸ.) ਕੋਲ ਤਸ਼ਰੀਫ਼ ਲੈ ਆਈ ਪਰੰਤੂ ਇਸ ਹਾਲ ਵਿਚ ਵੀ ਚਿਹਰੇ 'ਤੇ ਨਕਾਬ ਲਿਆ ਹੋਇਆ ਸੀ। ਕੁਝ ਸਹਾਬੀਆਂ ਨੇ (ਜ਼ੀ.) ਹੈਰਾਨੀ ਨਾਲ ਕਿਹਾ ਕਿ ਇਸ ਵੇਲੇ ਵੀ ਤੁਹਾਡੇ ਚਿਹਰੇ 'ਤੇ ਨਕਾਬ ਲਿਆ ਹੋਇਆ ਹੈ? (ਬੇਟੇ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਤਾਂ ਮਾਂ ਨੂੰ ਤਨ ਮਨ ਦੀ ਖ਼ਬਰ ਨਹੀਂ ਰਹਿੰਦੀ ਅਤੇ ਤੁਸੀਂ ਸ਼ਾਂਤੀ ਨਾਲ ਪਰਦੇ ਨਾਲ ਆਈ ਹੋ)।

ਜਵਾਬ ਵਿਚ ਕਹਿਣ ਲੱਗੀ ਕਿ ਮੈਂ ਆਪਣੇ ਬੇਟੇ ਨੂੰ ਖੋਇਆ ਹੈ ਆਪਣੀ ਸ਼ਰਮ ਹਯਾ ਨਹੀਂ ਖੋਈ ਹੈ।

ਹਜ਼ਰਤ ਆਇਸ਼ਾ (ਰਜ਼ੀ.) ਰਵਾਇਤ ਕਰਦੀਆਂ ਹਨ ਕਿ ਆਖ਼ਰੀ ਹੱਜ ਦੇ ਮੌਕੇ 'ਤੇ ਸਫ਼ਰ ਦੌਰਾਨ ਅਸੀਂ ਅਹਿਰਾਮ ਦੀ ਹਾਲਤ ਵਿਚ ਮੱਕੇ ਵੱਲ ਜਾ ਰਹੀਆਂ ਸੀ, ਜਦੋਂ ਮੁਸਾਫ਼ਿਰ ਸਾਡੇ ਅੱਗਿਓਂ ਲੰਘਦੇ ਤਾਂ ਅਸੀਂ ਔਰਤਾਂ ਆਪਣੇ ਸਿਰ ਤੋਂ ਚੱਦਰਾਂ ਖਿੱਚ ਕੇ ਮੂੰਹ 'ਤੇ ਲੈ ਲੈਂਦੀਆਂ ਅਤੇ ਜਦੋਂ ਉਹ ਲੰਘ ਜਾਂਦੇ ਤਾਂ ਅਸੀਂ ਮੁੰਹ ਖੋਲ੍ਹ ਲੈਂਦੀਆਂ।

(ਅਬੂ ਦਾਊਦ)

101-ਇਸਲਾਮ ਵਿਚ ਔਰਤ ਦਾ ਸਥਾਨ