ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਅਤੇ ਆਪਣਿਆਂ ਸੀਨਿਆਂ 'ਤੇ ਆਪਣੀਆਂ ਓੜ੍ਹਨੀਆਂ ਦੇ ਪੱਲੇ ਪਾਈਂ ਰੱਖਿਆ ਕਰੋ।' ਤਾਂ ਇਸ ਨਾਲ ਮੁਸਲਮਾਨ ਔਰਤਾਂ ਵਿਚ ਪਰਦੇ ਦਾ ਰਿਵਾਜ ਪੈ ਗਿਆ। ਇਸ ਦਾ ਮਕਸਦ ਇਹ ਨਹੀਂ ਸੀ ਜੋ ਅੱਜਕਲ ਦੁਪੱਟੇ ਦੇ ਵਟੇ ਦੇ ਕੇ ਗਲੇ ਦਾ ਹਾਰ ਬਣਾ ਲਿਆ ਜਾਂਦਾ ਹੈ।

ਇਤਿਹਾਸ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਜਦੋਂ ਸੂਰਤ ਅਨ-ਨੂਰ ਨਾਜ਼ਿਲ ਹੋਈ ਤਾਂ ਸਹਾਈ ਹਜ਼ੂਰ (ਸ.) ਤੋਂ ਇਹ ਸੁਣ ਕੇ ਆਪਣੇ ਆਪਣੇ ਘਰਾਂ 'ਚ ਗਏ ਅਤੇ ਆਪਣੀਆਂ ਆਪਣੀਆਂ ਪਤਨੀਆਂ, ਪੁੱਤਰੀਆਂ ਅਤੇ ਭੈਣਾਂ ਨੂੰ ਇਹ ਆਇਤਾਂ ਸੁਣਾਈਆਂ, ਅਨਸਾਰ ਦੀਆਂ ਔਰਤਾਂ ਵਿਚੋਂ ਕੋਈ ਵੀ ਅਜਿਹੀ ਔਰਤ ਨਹੀਂ ਸੀ ਜੋ ਕੁਰਆਨ ਦੀਆਂ ਆਇਤਾਂ ਸੁਣ ਕੇ ਆਪਣੀ ਥਾਂ ਬੈਠੀ ਰਹਿ ਗਈ ਹੋਵੇ, ਹਰੇਕ ਉੱਠੀ ਕਿਸੇ ਨੇ ਆਪਣੀ ਕਮਰ ਪੱਟੀ ਖੋਲੀ, ਕਿਸੇ ਨੇ ਚਾਦਰ ਲੈ ਕੇ ਉਸ ਦਾ ਦੁਪੱਟਾ ਬਣਾਇਆ ਅਤੇ ਸਿਰ ਤੇ ਲੈ ਲਿਆ। ਦੂਸਰੇ ਦਿਨ ਸਵੇਰ ਦੀ ਨਮਾਜ਼ ਵੇਲੇ ਜਿੰਨੀਆਂ ਔਰਤਾਂ ਮਸਜਿਦ-ਏ-ਨਬਵੀ ਵਿਚ ਹਾਜ਼ਰ ਹੋਈਆਂ ਸਭ ਦੇ ਦੁਪੱਟੇ ਲਏ ਹੋਏ ਸਨ।

ਨਬੀ-ਏ-ਕਰੀਮ (ਸ.) ਕੋਲ ਮਿਸਰ ਦੀ ਬਣੀ ਹੋਈ ਬਰੀਕ ਮਲਮਲ ਆਈ, ਆਪ ਨੇ ਇਸ ਵਿਚੋਂ ਇਕ ਟੁਕੜਾ ਮੈਨੂੰ ਦੇ ਦਿੱਤਾ ਅਤੇ ਫ਼ਰਮਾਇਆ ਇਕ ਹਿੱਸਾ ਪਾਟ ਕੇ ਕੁਰਤਾ ਬਣਾ ਲਓ ਅਤੇ ਦੁਰੇ ਹਿੱਸੇ ਦਾ ਆਪਣੀ ਪਤਨੀ ਨੂੰ ਦੁਪੱਟਾ ਬਣਾਉਣ ਲਈ ਦੇ ਦੇਵੋ ਪਰੰਤੂ ਉਹਨਾਂ ਨੂੰ ਇਹ ਕਹਿ ਦੇਵੋ ਕਿ ਇਸ ਦੇ ਹੇਠਾਂ ਇਕ ਹੋਰ ਕਪੜਾ ਲਗਾ ਲੈਣ ਤਾਂ ਜੋ ਸਰੀਰ ਦੀ ਬਣਾਵਟ ਅੰਦਰੋਂ ਵਿਖਾਈ ਨਾ ਦੇਵੇ।

ਇਸਲਾਮ ਨੇ ਔਰਤ ਨੂੰ ਆਪਣੇ ਦਾਇਰੇ ਵਿਚ ਖ਼ੂਬਸੂਰਤੀ ਨਾਲ ਜ਼ਿੰਦਗੀ ਗੁਜ਼ਾਰਨ ਅਤੇ ਪਾਕ-ਦਾਮਨੀ ਦਾ ਦਰਸ ਦਿੱਤਾ ਹੈ ਅਜਿਹਾ ਹੋਰ ਕਿਧਰੇ ਨਹੀਂ ਨਹੀਂ ਆਉਂਦਾ। ਰਿਸ਼ਤੇਦਾਰਾਂ ਅਤੇ ਅਜਨਬੀਆਂ ਦੇ ਸਾਹਮਣੇ ਬਣਾਓ-ਸ਼ਿੰਗਾਰ ਕਰਕੇ ਆਉਣ ਨੂੰ ਮਨ੍ਹਾਂ ਫ਼ਰਮਾਇਆ ਹੈ।ਕੁਰਆਨ ਮਜੀਦ ਵਿਚ ਸਪਸ਼ਟ ਤੌਰ 'ਤੇ ਔਰਤ ਨੂੰ ਪਰਦੇ ਦੀ ਆਜ਼ਾਦੀ ਦਿੰਦੇ ਹੋਏ ਫ਼ਰਮਾਇਆ ਗਿਆ ਹੈ ਕਿ ਉਹ ਆਪਣਾ ਹਾਰ-ਸ਼ਿੰਗਾਰ ਜ਼ਾਹਰ ਨਾ ਕਰਨ, ਛੁੱਟ ਉਹਨਾਂ ਲੋਕਾਂ ਦੇ ਸਾਹਮਣੇ ਜਿਵੇਂ ਪਤੀ, ਬਾਪ, ਪਤੀ ਦੇ ਬਾਪ, ਆਪਣੇ ਬੇਟੇ, ਪਤੀਆਂ ਦੇ ਬੇਟੇ, ਭਾਈ, ਭਾਈਆਂ ਦੇ ਬੇਟੇ, ਭੈਣਾਂ ਦੇ ਬੇਟੇ, ਆਪਣੇ ਮੇਲ-ਜੋਲ ਵਾਲੀਆਂ ਔਰਤਾਂ, ਆਪਣੀ ਅਧੀਨ ਰਹਿੰਦੇ ਮਰਦ ਜਿਹੜੇ ਕਿਸੇ ਪ੍ਰਕਾਰ ਦੀ ਚਾਹਣਾ ਨਾ ਰੱਖਦੇ ਹੋਣ ਅਤੇ ਉਹ ਬੱਚੇ ਜਿਹੜੇ ਔਰਤਾਂ ਦੀਆਂ ਪੋਸ਼ੀਦਾ ਗੱਲਾ ਤੋਂ ਜਾਣੂ ਨਾ ਹੋਣ।

104-ਇਸਲਾਮ ਵਿਚ ਔਰਤ ਦਾ ਸਥਾਨ