ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਔਰਤ ਹਜ਼ਰਤ ਮੁਹੰਮਦ (ਸ.) ਦੀ ਨਜ਼ਰ 'ਚ

ਦੁਨੀਆਂ ਦੀਆਂ ਚੀਜ਼ਾਂ 'ਚੋਂ ਮੈਨੂੰ ਔਰਤ ਅਤੇ ਖੁਸ਼ਬੂ ਪਸੰਦ ਹੈ ਪਰੰਤੂ ਮੇਰੀਆਂ ਅੱਖਾਂ ਦੀ ਠੰਡਕ ਨਮਾਜ਼ ਵਿਚ ਰੱਖੀ ਗਈ ਹੈ।

(ਨਿਸਾਈ)

ਅਜੋਕੇ ਦੌਰ 'ਚ ਜਿਹੜੇ ਲੋਕ ਔਰਤਾਂ ਦੇ ਹੱਕਾਂ ਲਈ ਸ਼ੋਰ-ਸ਼ਰਾਬਾ ਕਰ ਰਹੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਇਸਲਾਮ 'ਚ ਔਰਤ ਦੇ ਸਥਾਨ ਅਤੇ ਹੱਕਾਂ ਸੰਬੰਧੀ ਸਾਰੇ ਆਦੇਸ਼ਾਂ ਅਤੇ ਇਸਲਾਮੀ ਤਾਰੀਖ਼ ਦਾ ਅਧਿਐਨ ਕਰਨ ਤਾਂ ਜੋ ਉਹਨਾਂ ਨੂੰ ਇਸਲਾਮੀ ਅਤੇ ਗ਼ੈਰ ਇਸਲਾਮੀ ਨਜ਼ਰੀਆਤ ਦੇ ਫ਼ਰਕ ਦਾ ਪਤਾ ਚੱਲ ਜਾਵੇ। ਇਸਲਾਮ ਨੇ ਔਰਤ ਨੂੰ ਇਸਦੇ ਬਣਦੇ ਹੱਕਾਂ ਦੇ ਨਾਲ-ਨਾਲ ਫ਼ਰਜ਼ਾਂ ਸਬੰਧੀ ਵੀ ਜ਼ਿੰਮੇਦਾਰੀਆਂ ਦਾ ਅਹਿਸਾਸ ਕਰਵਾਇਆ ਗਿਆ ਹੈ। ਅਜਿਹਾ ਕਰਨ ਨਾਲ ਘਰੇਲੂ ਜ਼ਿੰਦਗੀ 'ਚ ਅਮਨ-ਚੈਨ ਅਤੇ ਸੁੱਖ-ਸ਼ਾਂਤੀ ਆਵੇਗੀ ਅਤੇ ਘਰੇਲੂ ਲੜਾਈ ਝਗੜਿਆਂ ਦਾ ਖ਼ਾਤਮਾ ਹੋ ਜਾਵੇਗਾ।

ਇਸਲਾਮ ਦੀ ਨਜ਼ਰ 'ਚ ਔਰਤ ਨਾਲ ਸਲਾਹ-ਮਸ਼ਵਰਾ ਕਰਨਾ

ਆਪ (ਸ.) ਦਾ ਫ਼ਰਮਾਨ ਹੈ ਕਿ ਔਰਤਾਂ ਨਾਲ ਉਹਨਾਂ ਦੀਆਂ ਲੜਕੀਆਂ ਦੇ ਮਾਮਲੇ 'ਚ ਮਸ਼ਵਰਾ ਲਵੋ। ਯਤੀਮ ਕੁੜੀਆਂ ਦਾ ਨਿਕਾਹ ਉਹਨਾਂ ਦੀ ਰਾਇ ਅਤੇ ਮਸ਼ਵਰਾ ਕਰਨ ਤੋਂ ਪਹਿਲਾਂ ਨਾ ਕਰੋ ਸ਼ਾਦੀ-ਸ਼ੁਦਾ ਔਰਤ ਦਾ ਨਿਕਾਹ (ਵਿਧਵਾ ਜਾਂ ਤਲਾਕ ਤੋਂ ਬਾਅਦ) ਉਸ ਸਮੇਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਸ ਨਾਲ ਸਲਾਹ-ਮਸ਼ਵਰਾ ਨਾ ਕਰ ਲਿਆ ਜਾਵੇ। ਜਵਾਨ ਕੁੜੀ ਦਾ ਨਿਕਾਹ ਵੀ ਉਸ ਦੀ ਮਰਜ਼ੀ ਦੇ ਖ਼ਿਲਾਫ ਨਹੀਂ ਕੀਤਾ ਜਾਵੇਗਾ।

(ਬੁਖ਼ਾਰੀ)

ਇਸਲਾਮ ਦੀ ਨਜ਼ਰ 'ਚ ਔਰਤ ਦਾ ਸਥਾਨ ਰੱਬ ਨੇ ਤੁਹਾਡੀਆਂ ਮਾਵਾਂ ਦੀ ਨਾਫ਼ਰਮਾਨੀ ਤੁਹਾਡੇ ਲਈ ਹਰਾਮ ਕੀਤੀ ਹੈ। ਹੱਕਾਂ ਦੀ ਅਦਾਇਗੀ ਤੋਂ ਹੱਥ ਰੋਕਣਾ ਹਰ ਪਾਸਿਓਂ ਮਾਲ ਇਕੱਠਾ ਕਰਨਾ ਕੁੜੀਆਂ ਨੂੰ ਜਿਉਂਦੇ ਦਫ਼ਨ ਕਰ ਦੇਣਾ ਵੀ ਹਰਾਮ ਹੈ। (ਬੁਖ਼ਾਰੀ)

ਜਿਸ ਆਦਮੀ ਦੇ ਕੁੜੀ ਪੈਦਾ ਹੋਵੇ ਉਸਨੂੰ ਉਹ ਜਿਉਂਦਿਆਂ ਨਾ ਦੱਬੇ, ਨਾ ਉਸ ਨਾਲ ਘਟੀਆ ਸਲੂਕ ਕਰੇ ਨਾ ਕੁੜੀ ਨਾਲੋਂ ਮੁੰਡੇ ਨੂੰ ਤਰਜੀਹ ਦੇਵੇ ਤਾਂ ਅੱਲਾਹ ਅਜਿਹੇ ਵਿਅਕਤੀ ਨੂੰ ਜੰਨਤ 'ਚ ਦਾਖ਼ਲ ਫ਼ਰਮਾਏਗਾ। (ਅਬੂ ਦਾਊਦ)

ਜਿਸ ਦੇ ਤਿੰਨ ਲੜਕੀਆਂ ਪੈਦਾ ਹੋਣ ਅਤੇ ਉਹਨਾਂ ਨਾਲ ਵਧੀਆਂ ਸਲੂਕ ਕਰੇ ਤਾਂ ਉਸ ਦੇ ਲਈ ਜੰਨਤ ਹੈ।

(ਬੁਖ਼ਾਰੀ)

114-ਇਸਲਾਮ ਵਿਚ ਔਰਤ ਦਾ ਸਥਾਨ