ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਜਿਸ ਤੋਂ ਭਾਵ ਮਰਦ-ਔਰਤ ਅਜਿਹੇ ਕਿਲ੍ਹੇ ਵਿਚ ਦਾਖ਼ਲ ਹੋ ਜਾਂਦੇ ਹਨ ਜਿਸ ਵਿਚ ਹਰ ਲਿਹਾਜ਼ ਨਾਲ ਹਿਫ਼ਾਜ਼ਤ ਹੀ ਹਿਫ਼ਾਜ਼ਤ ਹੈ। ਨਿਕਾਹ ਨਾਲ ਆਪਣੇ ਨਫ਼ਸ ਤੇ ਕੰਟਰੋਲ ਅਤੇ ਅਖ਼ਲਾਕ ਦੀ ਸੁਰੱਖਿਆ ਹੈ।

ਸ਼ਾਦੀ-ਵਿਆਹ ਦਾ ਸਮਾਜਿਕ ਮਕਸਦ

ਮਨੁੱਖੀ ਜੀਵਨ ਵਿਚ ਮਰਦ ਔਰਤ ਨੂੰ ਅਜਿਹੇ ਸ਼ਾਦੀ-ਵਿਆਹ ਰੂਪੀ ਪਾਕ-ਸਾਫ਼ ਰਿਸ਼ਤੇ ਵਿਚ ਬੰਨਣ ਨਾਲ ਚੰਗੇ ਸਮਾਜ ਦੀ ਉਸਾਰੀ ਤੋਂ ਇਲਾਵਾ ਤਹਿਜ਼ੀਬੀ ਅਮਲ ਦੀ ਸ਼ੁਰੂਆਤ ਹੈ। ਇਸ ਤਰ੍ਹਾਂ ਦੀ ਘਰੇਲੂ ਜ਼ਿੰਦਗੀ ਨਾਲ ਆਉਣ ਵਾਲੀ ਪੀੜੀ 'ਤੇ ਚੰਗਾ ਪ੍ਰਭਾਵ ਪੈਂਦਾ ਹੈ। ਨਿਕਾਹ ਤੋਂ ਬਾਅਦ ਮਰਦ ਔਰਤ ਆਪਸ ਵਿਚ ਸੁਲਾਹ-ਸਫ਼ਾਈ, ਪਿਆਰ-ਮੁਹੱਬਤ, ਆਪਸੀ ਮਿਲਵਰਤਨ ਨਾਲ ਰਹਿਣ। ਆਪਸੀ ਹੱਕਾਂ ਦੀ ਅਦਾਇਗੀ ਨਾਲ ਵਿਗਾੜ ਦਾ ਸਵਾਲ ਪੈਦਾ ਨਹੀਂ ਹੋ ਸਕਦਾ।

ਗ਼ੈਰ-ਮੁਸਲਿਮ ਨਾਲ ਸ਼ਾਦੀ/ਵਿਆਹ

ਇਸਲਾਮ ਨੇ ਮੁਸਲਿਮ ਸਮਾਜ ਵਿਚ ਮਰਦ ਔਰਤਾਂ ਦੇ ਲਈ ਗ਼ੈਰ-ਮੁਸਲਿਮਾਂ ਨਾਲ ਸ਼ਾਦੀ-ਵਿਆਹ ਦੇ ਸਬੰਧ ਕਾਇਮ ਨੂੰ ਮਨ੍ਹਾਂ ਕੀਤਾ ਹੈ। ਹਾਂ, ਜੇਕਰ ਅਹਿਲ-ਏ-ਕਿਤਾਬ ਹੋਣ ਤਾਂ ਕੋਈ ਹਰਜ ਨਹੀਂ। ਕਿਉਂਕਿ ਗ਼ੈਰ-ਮੁਸਲਿਮ ਦੇ ਖ਼ਿਆਲਾਤ, ਜਜ਼ਬਾਤ, ਤਹਿਜ਼ੀਬ ਅਤੇ ਸਮਾਜ ਦੇ ਤੌਰ-ਤਰੀਕੇ ਵੱਖਰੇ ਹੋਣ ਕਰਕੇ ਆਪਸੀ ਮੇਲ-ਮਿਲਾਪ, ਪਿਆਰ ਮੁਹੱਬਤ ਵਿਚ ਕਿਸੇ ਵੇਲੇ ਵੀ ਤਰੇੜ ਆ ਸਕਦੀ ਹੈ।

ਇਸਲਾਮ ਅਨੁਸਾਰ ਸ਼ਾਦੀ/ਵਿਆਹ ਤੋਂ ਬਾਅਦ ਮਰਦ ਦੇ ਫ਼ਰਜ਼

ਇਸਲਾਮੀ ਕਨੂੰਨ ਅਨੁਸਾਰ ਸ਼ਾਦੀ। ਵਿਆਹ ਤੋਂ ਬਾਅਦ ਜਿਹੜਾ ਕਾਨੂੰਨੀ ਜ਼ਾਬਤਾ ਕਾਇਮ ਕੀਤਾ ਗਿਆ ਹੈ ਉਸ ਵਿਚ ਮਰਦ ਦੀ ਹੈਸੀਅਤ ਸੁਰੱਖਿਅਕ ਅਤੇ ਖ਼ਬਰ-ਗੀਰੀ ਕਰਨ ਵਾਲੇ ਦੀ ਹੈ। ਭਾਵੇਂ ਮੀਆਂ-ਬੀਵੀ ਦੇ ਹੱਕ ਲਗਭਗ ਬਰਾਬਰ ਹਨ ਪਰੰਤੂ ਮਰਦ ਲਈ ਉਸ ਦੀ ਹਿਫ਼ਾਜ਼ਤ ਅਤੇ ਨਿਗਰਾਨੀ ਇਸ ਦੀ (ਸੁਭਾਅ) ਨੇਚਰ ਅਨੁਸਾਰ ਸੌਂਪੀ ਗਈ ਹੈ ਇਸ ਫ਼ਰਜ਼ ਨੂੰ ਚੰਗੀ ਤਰ੍ਹਾਂ ਔਰਤ ਨਹੀਂ ਨਿਭਾ ਸਕਦੀ ਜਿਵੇਂ ਮਰਦ ਅੰਜਾਮ ਦੇ ਸਕਦਾ ਹੈ।

116-ਇਸਲਾਮ ਵਿਚ ਔਰਤ ਦਾ ਸਥਾਨ