ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੀ ਜ਼ਿੰਦਗੀ ਗ਼ੁਲਾਮਾਂ ਤੋਂ ਘੱਟ ਨਹੀਂ ਸੀ। ਹੱਦ ਤਾਂ ਇਹ ਸੀ ਕਿ ਸ਼ਰਾਬ ਦੀ ਤਲਬ ਅਤੇ ਜੂਏ ਦੇ ਦਾਓ 'ਤੇ ਔਰਤਾਂ ਦੀ ਇੱਜ਼ਤ ਨਾਲ ਖੇਡਿਆ ਜਾਂਦਾ ਸੀ। ਬਾਪ ਦੇ ਮਰਨ ਤੋਂ ਬਾਅਦ ਪੁੱਤਰ ਸੁਤੇਲੀ ਮਾਂ ਨੂੰ ਆਪਣੀ ਜਾਗੀਰ ਸਮਝ ਕੇ ਪਤਨੀ ਬਣਾ ਲੈਂਦਾ ਸੀ।

ਇਸਲਾਮ ਨੇ ਇਸ ਜ਼ੁਲਮ ਨੂੰ ਖ਼ਤਮ ਕੀਤਾ ਅਤੇ ਔਰਤ ਨੂੰ ਉਹ ਹੱਕ ਪ੍ਰਦਾਨ ਕੀਤੇ ਜੋ ਅੱਜ ਵੀ ਕਿਸੇ ਦੂਸਰੇ ਧਰਮ ਵਿਚ ਉਸਨੂੰ ਨਸੀਬ ਨਹੀਂ ਹਨ।

ਹਜ਼ਰਤ ਮੁਹੰਮਦ (ਸ.) ਨੂੰ ਔਰਤ ਦੇ ਹੱਕਾਂ ਦਾ ਏਨਾ ਖ਼ਿਆਲ ਸੀ ਕਿ ਆਪ ਨੇ ਇਕ ਬਾਰੀ ਖ਼ੁਤਬੇ ਵਿਚ ਇਰਸ਼ਾਦ ਫ਼ਰਮਾਇਆ:

"ਔਰਤ ਦੇ ਬਾਰੇ ਵਿਚ ਅੱਲਾਹ ਤੋਂ ਡਰੋ ਕਿਉਂਕਿ ਤੁਸੀਂ ਉਹਨਾਂ ਨੂੰ ਰੱਬ ਦੀ ਅਮਾਨਤ ਸਮਝ ਕੇ ਆਪਣੇ ਨਿਕਾਹ ਵਿਚ ਲਿਆ ਹੈ।" (ਮੁਸਲਿਮ)

ਹਜ਼ਰਤ ਮੁਹੰਮਦ ਸਾਹਿਬ ਨੇ ਔਰਤਾਂ ਦੇ ਸਬੰਧ 'ਚ ਬੇ-ਸ਼ੁਮਾਰ ਹੁਕਮ ਫ਼ਰਮਾਏ ਹਨ ਜਿਹਨਾਂ ਵਿਚੋਂ ਕੁੱਝ ਇਸ ਤਰ੍ਹਾਂ ਹਨ:

(1) ਤੁਹਾਡੇ ਵਿਚੋਂ ਸਭ ਤੋਂ ਚੰਗੇ ਆਦਮੀ ਉਹ ਹਨ ਜੋ ਆਪਣੀਆਂ ਪਤਨੀਆਂ ਦੇ ਹੱਕ ਵਿਚ ਵਧੀਆ ਹਨ।

(ਤਿਰਮਜ਼ੀ)

(2) ਮੈਂ ਤੁਹਾਨੂੰ ਦੋ ਕਮਜ਼ੋਰਾਂ ਭਾਵ ਅਨਾਥ (ਯਤੀਮ) ਅਤੇ ਪਤਨੀ ਦੇ ਹੱਕਾਂ ਬਾਰੇ ਸੁਚੇਤ ਕਰਦਾ ਹਾਂ।

(ਨਿਸਾਈ)

(3) ਮੋਮਿਨ (ਪਤੀ) ਨੂੰ ਮੋਮਿਨਾ (ਪਤਨੀ) ਦੇ ਨਾਲ ਈਰਖਾ ਨਹੀਂ ਰੱਖਣੀ ਚਾਹੀਦੀ ਕਿਉਂਕਿ ਜੇਕਰ ਉਸਦੀ ਇਕ ਆਦਤ ਪਤੀ ਨੂੰ ਨਾ-ਪਸੰਦ ਹੈ ਤਾਂ ਦੂਸਰੀ ਪਸੰਦ ਵੀ ਹੋਵੇਗੀ।

(4) ਆਪ ਵੀ ਖਾਓ ਅਤੇ ਉਸ ਨੂੰ ਵੀ ਖੁਆਓ, ਆਪ ਵੀ ਪਹਿਨੋ ਉਸ ਨੂੰ ਵੀ ਚੰਗਾ ਲਿਬਾਸ ਪਹਿਨਾਓ, ਉਸਦੇ ਚਹਿਰੇ ਤੇ ਨਾ ਮਾਰੋ, ਨਾ ਉਸਨੂੰ ਸੀਮਤ ਹੱਦਾਂ ਤੋਂ ਵਧ ਕੇ ਉਸ ਨਾਲੋਂ ਵੱਖਰੇ ਹੋ ਜਾਵੋ।

(ਅਬੂ-ਦਾਊਦ)

(5) ਮੁਕੰਮਲ ਈਮਾਨ ਵਾਲੇ ਉਹ ਲੋਕ ਹਨ ਜਿਹਨਾਂ ਦੀ ਬੋਲ-ਬਾਣੀ ਚੰਗੀ ਹੈ। ਹਕੀਕਤ 'ਚ ਚੰਗੇ ਅਖ਼ਲਾਕ ਵਾਲੇ ਉਹ ਲੋਕ ਹਨ ਜਿਹਨਾਂ ਦੇ ਸਬੰਧ ਆਪਣੀਆਂ ਪਤਨੀਆਂ ਨਾਲ ਚੰਗੇ ਹਨ।

(ਤਿਰਮਜ਼ੀ)

122-ਇਸਲਾਮ ਵਿਚ ਔਰਤ ਦਾ ਸਥਾਨ