ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(3) ਜਦੋਂ ਕਿਸੇ ਔਰਤ ਨਾਲ ਮੰਗਣੀ ਹੋ ਜਾਵੇ। ਉਸ ਨੂੰ ਵੇਖਣਾ ਮਰਦ ਲਈ ਚੰਗੀ ਗੱਲ ਹੈ।ਜਿਸ ਤੋਂ ਸਿਰਫ਼ ਨਿਕਾਹ ਦੀ ਰਜ਼ਾਮੰਦੀ ਅਤੇ ਦੋਵੇਂ ਪਾਸਿਆਂ ਦੀ ਰਜ਼ਾਮੰਦੀ ਮਕਸੂਦ ਹੋਵੇ।

(4) ਜਦੋਂ ਕਿਸੇ ਨਾਲ ਮੰਗਣੀ ਹੋ ਜਾਵੇ ਤਾਂ ਮਰਦ ਔਰਤ ਨੂੰ ਵੇਖ ਸਕਦਾ ਹੈ। ਇਸ ਨਾਲ ਵਿਆਹ ਦੀ ਰਗ਼ਬਤ ਅਤੇ ਇੱਛਾ ਮਕਸੂਦ ਹੋਵੇ। ਹਜ਼ਰਤ ਮੁਗ਼ੀਰ੍ਹਾ ਬਿਨ ਸ਼ੋਅਬਾ (ਰਜ਼ੀ.) ਬਿਆਨ ਕਰਦੇ ਹਨ ਕਿ ਉਹਨਾਂ ਨੇ ਇਕ ਔਰਤ ਨਾਲ ਮੰਗਣੀ ਕੀਤੀ ਤਾਂ ਹਜ਼ਰਤ ਮੁਹੰਮਦ (ਸ.) ਨੇ ਫ਼ਰਮਾਇਆ, ਉਸ ਨੂੰ ਵੇਖ ਲਓ ਇਹ ਤੁਹਾਡੇ ਦੋਵਾਂ ਦੇ ਦਰਮਿਆਨ ਪਿਆਰ-ਮੁਹੱਬਤ ਅਤੇ ਮੇਲ-ਮਿਲਾਪ ਵਧਣ ਦਾ ਕਾਰਨ ਬਣੇਗਾ।

(ਤਿਰਮਜ਼ੀ)

ਮੰਗਣੇ ਦੀਆਂ ਰਸਮਾਂ

ਮੰਗਣੇ ਸਬੰਧੀ ਜਿਹੜੀਆਂ ਅਜਕੱਲ ਫ਼ਜ਼ੂਲ ਰਸਮਾਂ ਅਦਾ ਕਰਨ ਦਾ ਰਿਵਾਜ ਪੈ ਗਿਆ ਹੈ ਇਸਲਾਮ ਵਿਚ ਇਹਨਾਂ ਰਸਮਾਂ ਦਾ ਕੋਈ ਸਥਾਨ ਨਹੀਂ ਜਿਵੇਂ ਮਿਠਾਈਆਂ ਦੇ ਡੱਬੇ, ਫ਼ਲਾਂ ਦੀ ਟੋਕਰੀ, ਕੱਪੜਿਆਂ ਦਾ ਅਦਾਨ ਪ੍ਰਦਾਨ, ਗਹਿਣਿਆਂ ਦਾ ਲੈਣ ਦੇਣ, ਪੈਸਿਆਂ ਰੂਪੀ ਸ਼ਗਨਾਂਦਾ ਅਦਾ ਕਰਨਾ ਆਦਿ। ਇਹ ਸਭ ਕੁੱਝ ਫ਼ਜ਼ੂਲ ਖ਼ਰਚਿਆਂ ਵਿਚ ਸ਼ਾਮਿਲ ਹੈ। ਸੋ ਇਸ ਲਈ ਆਪਣੇ ਜੀਵਨ ਨੂੰ ਪ੍ਰੇਸ਼ਾਨੀਆਂ ਤੋਂ ਬਚਣ ਲਈ ਅਜਿਹੀਆਂ ਰਸਮਾਂ ਤੋਂ ਪ੍ਰੇਜ਼ ਕਰਨਾ ਚਾਹੀਦਾ ਹੈ।

ਸ਼ਾਦੀ/ਵਿਆਹ

ਹਜ਼ਰਤ ਸਾਬਿਰ (ਜੀ.) ਨੇ ਆਪਣੀ ਜਵਾਨੀ 'ਚ ਇਕ ਵਿਧਵਾ ਨਾਲ ਸ਼ਾਦੀ ਕੀਤੀ ਤਾਂ ਹਜ਼ਰਤ ਮੁਹੰਮਦ (ਸ.) ਨੇ ਉਹਨਾਂ ਤੋਂ ਪੁੱਛਿਆ, ਤੁਸੀਂ ਕਿਸੇ ਜਵਾਨ ਲੜਕੀ ਨਾਲ ਸ਼ਾਦੀ ਕਿਉਂ ਨਹੀਂ ਕੀਤੀ। ਤੁਸੀਂ ਉਸ ਨਾਲ ਖੇਡਦੇ, ਉਹ ਤੁਹਾਡੇ ਨਾਲ ਖੇਡਦੀ, ਤੁਸੀਂ ਉਸ ਨਾਲ ਹਾਸਾ-ਮਜ਼ਾਕ ਕਰਦੇ, ਉਹ ਤੁਹਾਡੇ ਨਾਲ ਹਾਸਾ-ਮਜ਼ਾਕ ਕਰਦੀ। (ਬੁਖ਼ਾਰੀ)

ਮੈਂ ਰੱਬ ਦੀ ਸਹੁੰ ਖਾਂਦਾ ਹਾਂ ਕਿ ਤੁਹਾਡੇ ਵਿਚ ਸਭ ਤੋਂ ਜ਼ਿਆਦਾ ਰੱਬ ਤੋਂ ਡਰਨ ਵਾਲਾ ਅਤੇ ਪ੍ਰੇਜ਼ਗਾਰ ਹਾਂ। ਪਰੰਤੂ ਮੈਂ (ਨਫ਼ਲੀ) ਰੋਜ਼ੇ ਰੱਖਦਾ ਹਾਂ ਛੱਡ ਵੀ ਦਿੰਦਾ ਹਾਂ। (ਰਾਤ) ਨੂੰ ਨਮਾਜ਼ ਵੀ ਪੜ੍ਹਦਾ ਹਾਂ ਅਤੇ ਸੌਂ ਵੀ ਜਾਂਦਾ ਹਾਂ। ਔਰਤਾਂ ਨਾਲ ਸ਼ਾਦੀ ਵੀ ਕਰਦਾ ਹਾਂ। (ਇਹੋ ਮੇਰਾ ਤਰੀਕਾ ਹੈ। ਬਸ ਜਿਹੜਾ ਬੰਦਾ ਮੇਰੇ ਤਰੀਕੇ ਨੂੰ ਛੱਡ ਦੇਵੇ, ਉਹ ਮੇਰੇ ਵਿੱਚੋਂ ਨਹੀਂ। (ਬੁਖ਼ਾਰੀ)

125-ਇਸਲਾਮ ਵਿਚ ਔਰਤ ਦਾ ਸਥਾਨ