ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

6. ਜਦੋਂ ਬੰਦੇ ਨੇ ਨਿਕਾਹ ਕਰ ਲਿਆ ਤਾਂ ਉਸ ਦਾ ਅੱਧਾ ਈਮਾਨ ਮੁਕੰਮਲ ਹੋ ਗਿਆ। ਬਾਕੀ ਅੱਧੇ ਨੂੰ ਬਚਾਉਣ ਦੇ ਲਈ ਰੱਬ ਤੋਂ ਡਰਦਾ ਰਹੇ। (ਬੇਹਕੀ)

ਨਿਕਾਹ ਦਾ ਰਿਸ਼ਤਾ

ਦੁਨੀਆ ਦਾ ਮੁੱਢ ਅਤੇ ਖ਼ਾਨਦਾਨਾਂ ਦਾ ਵਜੂਦ ਅਤੇ ਇਹਨਾਂ ਨੂੰ ਵਧਾਉਣਾ ਸਾਰਾ ਨਿਕਾਹ 'ਤੇ ਨਿਰਭਰ ਕਰਦਾ ਹੈ। ਨਿਕਾਹ ਨਾਲ ਹੀ ਰਿਸ਼ਤੇਦਾਰੀਆਂ ਵਜੂਦ ਵਿਚ ਆਉਂਦੀਆਂ ਹਨ। ਫਿਰ ਪਰਿਵਾਰ ਬਣਦਾ ਚਲਿਆ ਜਾਂਦਾ ਹੈ। ਨਿਕਾਹ ਨਾਲ ਹੀ ਰਿਸ਼ਤਿਆਂ ਵਿਚ ਮਜ਼ਬੂਤੀ ਆਉਂਦੀ ਹੈ ਕਿ ਨਿਕਾਹ ਇਕ ਬਾਰੀ ਕਾਇਮ ਹੋਣ ਨਾਲ ਕਿਸੇ ਵੀ ਸੂਰਤ ਵਿਚ ਟੁੱਟਦਾ ਨਹੀਂ। ਇਸਲਾਮ ਧਰਮ ਨੇ ਅਜਿਹੇ ਰਿਸ਼ਤੇ ਨੂੰ ਏਨੀ ਮਹੱਤਤਾ ਦਿੱਤੀ ਹੈ। ਇਸ ਨੂੰ ਸਹੀ ਤੌਰ 'ਤੇ ਕਾਇਮ ਰੱਖਣ ਅਤੇ ਇਸ ਦੀਆਂ ਜ਼ਿੰਮੇਦਾਰੀਆਂ ਨਿਭਾਉਣ ਨੂੰ ਨਫ਼ਲੀ ਇਬਾਦਤਾਂ ਨਾਲੋਂ ਵੀ ਵੱਧ ਦਰਜਾ ਦਿੱਤਾ ਗਿਆ ਹੈ। ਇਸੇ ਰਿਸ਼ਤੇ ਦੀ ਬਿਨਾਂ 'ਤੇ ਕੋਈ ਮਰਦ ਕਿਸੇ ਦਾ ਬਾਪ ਅਤੇ ਕਿਸੇ ਦਾ ਪੁੱਤਰ ਬਣਦਾ ਹੈ। ਕਿਸੇ ਦਾ ਦਾਦਾ ਅਤੇ ਪੋਤਾ ਬਣਦਾ ਹੈ। ਕਿਸੇ ਦਾ ਮਾਮਾ, ਕਿਸੇ ਭਾਈ ਅਤੇ ਕਿਸੇ ਦਾ ਭਣੋਈਆ ਬਣਨ ਦੀ ਉਪਾਧੀ ਪ੍ਰਾਪਤ ਕਰਦਾ ਹੈ। ਇਸੇ ਰਿਸ਼ਤੇ ਦੇ ਰਾਹੀਂ ਇਕ ਔਰਤ ਕਿਸੇ ਦੀ ਮਾਂ, ਕਿਸੇ ਦੀ ਨਾਨੀ, ਕਿਸੇ ਦੀ ਦਾਦੀ, ਕਿਸੇ ਦੀ ਭੂਆ, ਕਿਸੇ ਦੀ ਚਾਚੀ ਅਤੇ ਕਿਸੇ ਦੀ ਮਾਸੀ ਬਣਦੀ ਹੈ। ਇਹੋ ਉਹ ਰਿਸ਼ਤਾ ਹੈ ਜਿਸ ਨਾਲ ਕਿਸੇ ਨੂੰ ਬੇਟੀ ਅਤੇ ਭੈਣ ਦਾ ਦਰਜਾ ਪ੍ਰਾਪਤ ਹੁੰਦਾ ਹੈ। ਇਹ ਸਾਰੇ ਰਿਸ਼ਤੇ ਇਸ ਨਿਕਾਹ ਦੇ ਪਾਕ ਸਬੰਧ ਨਾਲ ਮਿਲਦੇ ਚਲੇ ਜਾਂਦੇ ਹਨ। ਇਕ ਅਨਜਾਣ ਜਾਣਕਾਰ ਅਤੇ ਇਕ ਬੇਗਾਨਾ ਆਪਣਾ ਬਣ ਜਾਂਦਾ ਹੈ। ਆਦਮੀ ਬਜ਼ੁਰਗਾਂ ਦਾ ਅਦਬ, ਛੋਟਿਆਂ ਨਾਲ ਨਰਮੀ, ਹਮਦਰਦੀ, ਸ਼ਰਮਹਯਾ ਅਤੇ ਮੁਹੱਬਤ ਮਿਹਰਬਾਨੀ ਕਰਨਾ ਸਿੱਖਦਾ ਹੈ। ਇਸੇ ਪਾਕ ਰਿਸ਼ਤੇ ਨਾਲ ਖ਼ਾਨਦਾਨੀ ਨਿਜ਼ਾਮ ਵਜੂਦ ਵਿਚ ਆਉਂਦਾ ਹੈ। ਜੇਕਰ ਇਸ ਰਿਸ਼ਤੇ ਦੀ ਪਾਕੀਜ਼ਗੀ ਨੂੰ ਦੂਰ ਕਰ ਦਿੱਤਾ ਜਾਵੇ ਤਾਂ ਸਮਾਜ ਵਿਚ ਹਮਦਰਦੀ, ਦੂਜਿਆਂ ਲਈ ਮਰ ਮਿਟਣ ਦਾ ਜਜ਼ਬਾ, ਮੁਹੱਬਤ ਮਿਹਰਬਾਨੀ, ਨੇਕ ਚਾਲ-ਚਲਣੀ ਵਜੂਦ ਵਿਚ ਨਹੀਂ ਆਵੇਗੀ। ਇਸ ਦੀ ਥਾਂ ਜ਼ੁਲਮ, ਜ਼ਿਆਦਤੀ, ਬੈਰਾਹਰਵੀ, ਬੇਵਫ਼ਾਈ, ਬੇਭਰੋਸਗੀ, ਬੇਸ਼ਰਮੀ ਅਤੇ ਬੇਹਯਾਈ ਵਰਗੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਸਭ ਦੇ ਪਾਲਣਹਾਰ ਨੇ ਕੁਰਆਨ ਮਜੀਦ ਵਿਚ ਇਸ ਨਿਕਾਹ ਦੇ ਰਿਸ਼ਤੇ ਕਾਇਮ ਅਤੇ ਹੋਰ ਮਜ਼ਬੂਤ ਕਰਨ ਲਈ ਹਦਾਇਤ ਕਰਦਿਆਂ ਇਰਸ਼ਾਦ ਫ਼ਰਮਾਇਆ ਹੈ:

134-ਇਸਲਾਮ ਵਿਚ ਔਰਤ ਦਾ ਸਥਾਨ