ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਜਰਿਮ ਅਤੇ ਮੁਜਰਿਮ ਦੇ ਸਬੰਧ ਬਹੁਤ ਗਹਿਰੇ ਹਨ ਤਾਂ ਲੋੜ ਅਨੁਸਾਰ ਉਹ ਉਹਨਾਂ ਨੂੰ ਸ਼ਹਿਰੋਂ ਬਾਹਰ ਵੀ ਕੱਢ ਸਕਦਾ ਹੈ ਅਤੇ ਕੈਦ ਵੀ ਕਰ ਸਕਦਾ ਹੈ।"

ਹੱਦ ਅਤੇ ਸਜ਼ਾ ਵਿਚ ਫ਼ਰਕ ਇਹ ਹੈ ਕਿ ਇਕ ਮੁਕੱਰਰ ਸਜ਼ਾ ਹੈ ਜੋ ਜੁਰਮ ਦੇ ਸਬੂਤ ਦੀਆਂ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਲਾਜ਼ਮੀ ਦਿੱਤੀ ਜਾਵੇਗੀ ਅਤੇ ਸਜ਼ਾ ਉਸ ਨੂੰ ਕਹਿੰਦੇ ਹਨ ਜੋ ਕਾਨੂੰਨ ਦੇ ਲਿਹਾਜ਼ ਨਾਲ ਮਿਕਦਾਰ, ਹਾਲਤ ਅਨੁਸਾਰ ਮੁਕੱਰਰ ਨਾ ਕੀਤੀ ਗਈ ਹੋਵੇ ਬਲਕਿ ਜਿਸ ਵਿਚ ਅਦਾਲਤ ਹਾਲਾਤ ਦੇ ਲਿਹਾਜ਼ ਨਾਲ ਕਮੀ ਬੇਸ਼ੀ ਕਰ ਸਕਦੀ ਹੈ।

ਨਿਕਾਹ ਸਬੰਧੀ ਪਸੰਦੀਦਾ ਕੰਮ

ਅਖ਼ਲਾਕ ਅਤੇ ਈਮਾਨਦਾਰੀ ਦਾ ਤਕਾਜ਼ਾ ਇਹ ਹੈ ਕਿ ਸ਼ਾਦੀ ਦੇ ਮੌਕੇ ਫ਼ਜ਼ੂਲ ਖ਼ਰਚਿਆਂ ਤੋਂ ਬਚਿਆ ਜਾਵੇ ਕਿਉਂਕਿ ਹੈਸੀਅਤ ਤੋਂ ਵਧ ਕੇ ਜਿਹੜਾ ਕੰਮ ਵੀ ਕੀਤਾ ਜਾਵੇਗਾ ਉਹ ਪ੍ਰੇਸ਼ਾਨੀ ਅਤੇ ਬੋਝ ਵਿਚ ਇਜ਼ਾਫ਼ੇ ਦਾ ਕਾਰਨ ਬਣੇਗਾ। ਨਿਕਾਹ ਦੀਆਂ ਬਰਕਤਾਂ ਤੋਂ ਦੂਰ ਰਹਿਣ ਦਾ ਕਾਰਨ ਬਣੇਗਾ। ਖ਼ੁਸ਼ੀ, ਰਾਹਤ ਅਤੇ ਮੁਸੱਰਤ ਦੀ ਬਜਾਏ ਰੰਜ ਅਤੇ ਗ਼ਮ ਵਧੇਗਾ। ਆਪ ਦਾ ਫ਼ਰਮਾਨ ਹੈ:

ਸਭ ਤੋਂ ਜ਼ਿਆਦਾ ਮੁਬਾਰਕ ਨਿਕਾਹ ਉਹ ਹੈ ਜਿਹੜਾ ਸਾਦਾ ਹੋਵੇ। ਸਭ ਤੋਂ ਜ਼ਿਆਦਾ ਬਰਕਤ ਵਾਲਾ ਨਿਕਾਹ ਉਸ ਨੂੰ ਮੰਨਿਆ ਜਾਂਦਾ ਹੈ ਜਿਹੜਾ ਮੁਸ਼ੱਕਤ ਦੀ ਬਜਾਏ ਅਸਾਨ ਹੋਵੇ ਭਾਵ ਹਲਕਾ-ਫੁਲਕਾ ਹੋਵੇ। (ਬਿਹਕੀ)

ਅੱਜ ਕੱਲ ਸਾਡੇ ਸਮਾਜ ਵਿਚ ਨਿਕਾਹ ਦੇ ਸਮੇਂ ਬਹੁਤ ਸਾਰੇ ਧਨ ਨੂੰ ਬੇਕਾਰ ਰਸਮਾਂ ਰਿਵਾਜਾਂ 'ਚ ਲਾਉਣਾ ਆਪਣੀ ਸ਼ਾਨ ਸਮਝਿਆ ਜਾਣ ਲੱਗਿਆ ਹੈ। ਗ਼ਰੀਬ ਮਾਤਾ ਪਿਤਾ ਵੀ ਫੋਕੀ ਸ਼ੋਹਰਤ ਲਈ ਆਪਣੇ ਬੱਚਿਆਂ ਦੀ ਸ਼ਾਦੀ ਦੇ ਮੌਕੇ ਕਰਜ਼ਾ ਲੈਣ ਤੋਂ ਸੰਕੋਚ ਨਹੀਂ ਕਰਦੇ। ਝੂਠੀ ਠਾਠ-ਬਾਠ ਲਈ ਲੋਕਾਂ ਦੇ ਅੱਗੇ ਹੱਥ ਫੈਲਾਉਂਦੇ ਹਨ।ਵਿਖਾਵੇ ਲਈ ਬਰੀ ਅਤੇ ਦਹੇਜ ਦੇ ਨਾਂ 'ਤੇ ਜ਼ਮੀਨ ਜਾਇਦਾਦ ਨੂੰ ਗਿਰਵੀ ਰੱਖਣ 'ਤੇ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਕਿੰਨੀਆਂ ਜ਼ਮੀਨ ਜਾਇਦਾਦਾਂ ਇਸ ਝੂਠੀ ਸ਼ੋਹਰਤ ਲਈ ਭੇਂਟ ਚੜ੍ਹ ਜਾਂਦੀਆਂ ਹਨ! ਬਹੁਤ ਧੂਮ-ਧਾਮ ਨਾਲ ਦਾਅਵਤਾਂ ਕੀਤੀਆਂ ਜਾਂਦੀਆ ਹਨ। ਮੂਵੀਆਂ, ਫ਼ਿਲਮਾਂ ਬਨਾਉਣ 'ਚ ਖੂਨ ਪਸੀਨੇ ਦੀ ਕਮਾਈ ਪਾਣੀ ਵਾਂਗ ਬਹਾਈ ਜਾਂਦੀ ਹੈ। ਕਿੰਨੇ ਲੋਕ ਕਰਜ਼ ਦਾ ਬੋਝ ਨਾ ਸਹਾਰਦਿਆਂ ਖ਼ੁਦਕੁਸ਼ੀਆਂ ਕਰ ਲੈਂਦੇ ਹਨ। ਇਸ ਲਈ ਜੇਕਰ ਅਸੀਂ ਆਪਣੇ ਬੱਚਿਆਂ ਲਈ ਚਾਨਣ ਮੁਨਾਰਾ ਬਨਣਾ ਚਾਹੁੰਦੇ ਹਾਂ ਤਾਂ ਸ਼ਾਦੀ ਸਾਦੇ ਢੰਗ ਅਨੁਸਾਰਕਰਨੀ ਚਾਹੀਦੀ ਹੈ।

139-ਇਸਲਾਮ ਵਿਚ ਔਰਤ ਦਾ ਸਥਾਨ