ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਜ਼ਰਤ ਸੁਫ਼ੀਆ (ਰਜ਼ੀ.) ਦੇ ਨਿਕਾਹ ਤੋਂ ਬਾਅਦ ਜੋ ਵਲੀਮਾ ਦੀ ਦਾਅਵਤ ਕੀਤੀ ਸੀ, ਉਸ ਵਿਚ ਨਾ ਰੋਟੀ ਸੀ ਅਤੇ ਨਾ ਗੋਸ਼ਤ ਬਲਕਿ ਚਮੜੇ ਦੇ ਦਸਤਰਖ਼ਾਰ (ਖਾਣੇ ਵੇਲੇ ਹੇਠਾਂ ਵਿਛਾਇਆ ਜਾਣ ਵਾਲਾ ਕਪੜਾ) ਵਿਛਾਉਣ ਲਈ ਹੁਕਮ ਫ਼ਰਮਾਇਆ ਜਿਸ 'ਤੇ ਖਜੂਰਾਂ, ਪਨੀਰ ਅਤੇ ਮਸਕਾ ਰਖ ਦਿੱਤਾ ਸੀ। ਜਿਸ ਨੂੰ ਲੋਕਾਂ ਨੇ ਖਾਧਾ।

(ਬੁਖ਼ਾਰੀ ਸ਼ਰੀਫ਼)

ਲੜਕੀ ਵਾਲਿਆਂ ਦੀ ਤਰਫ਼ੋਂ ਕਿਸੇ ਪ੍ਰਕਾਰ ਖਾਣੇ ਦਾ ਇੰਤਜ਼ਾਮ ਕਰਨਾ ਆਪ (ਸ.) ਦੇ ਤਰੀਕੇ ਦੇ ਖ਼ਿਲਾਫ਼ ਹੈ। ਇਹ ਗੱਲ ਧਿਆਨ ਯੋਗ ਹੈ ਕਿ ਲੜਕੇ ਵਾਲਿਆਂ ਦੀ ਤਰਫ਼ੋਂ ਜੋ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ ਉਸ ਦੇ ਬਦਲੇ ਵੀ ਕਿਸੇ ਪ੍ਰਕਾਰ ਦਾ ਸ਼ਗਨ ਜਾਂ ਕੋਈ ਹੋਰ ਬਦਲਾ ਲੈਣਾ ਸ਼ਰੀਅਤ ਪੱਖੋਂ ਠੀਕ ਨਹੀਂ।

ਵਲੀਮੇ ਦਾ ਸਮਾਂ

ਆਪ (ਸ.) ਦਾ ਇਰਸ਼ਾਦ ਹੈ "ਵਲੀਮਾ ਪਹਿਲੇ ਦਿਨ ਖੁਆਇਆ ਹੱਕ ਨੂੰ ਅਦਾ ਕਰਨਾ ਹੈ। ਦੂਸਰੇ ਦਿਨ ਨੇਕੀ ਹੈ। ਤੀਸਰੇ ਦਿਨ ਵਿਖਾਵਾ ਅਤੇ ਨੁਮਾਇਸ਼ ਹੈ।

(ਅਬੂ ਦਾਊਦ, ਇਬਨ-ਏ-ਮਾਜਾ)

ਖਾਣੇ ਦੇ ਸਮੇਂ ਵੀਡੀਓ ਬਨਾਉਣ, ਆਰਕੈਸਟਰਾ ਲਗਾਉਣਾ, ਗਾਣਾ ਵਜਾਉਣਾ, ਲੜਕੀਆਂ ਦਾ ਡਿਸਕੋ ਡਾਂਸ ਕਰਵਾਉਣ ਦਾ ਇੰਤਜ਼ਾਮ ਕਰਨਾ ਪੈਸੇ ਦੀ ਬਰਬਾਦੀ ਤੋਂ ਸਿਵਾ ਹੋਰ ਕੁੱਝ ਨਹੀਂ।

ਸ਼ਾਦੀ ਤੋਂ ਬਾਅਦ ਪਤਨੀ ਲਈ ਪਤੀ ਵਲੋਂ ਖਾਣਾ, ਲਿਬਾਸ ਅਤੇ ਮਕਾਨ ਦਾ ਪ੍ਰਬੰਧ ਕਰਨਾ ਲਾਜ਼ਮੀ ਹੈ। ਇਹ ਗੱਲਾਂ ਪਤੀ ਦੀ ਆਰਥਿਕ ਹਾਲਤ ਨੂੰ ਮੁੱਖ ਰਖਦਿਆਂ ਤੈਅ ਕੀਤੀਆਂ ਜਾਣਗੀਆਂ। ਜੇਕਰ ਪਤੀ ਅਮੀਰ ਹੈ ਤਾਂ ਖਾਣ-ਪੀਣ ਦੀਆ ਚੀਜ਼ਾਂ (ਆਟਾ, ਦਾਲ ਸਬਜ਼ੀ,ਪਾਣੀ, ਬਾਲਣ) ਲਿਬਾਸ (ਗਰਮੀ ਸਰਦੀ ਦੇ ਕੱਪੜੇ, ਰਹਿਣ ਲਈ ਮਕਾਨ ਆਦਿ ਅਮੀਰਾਂ ਵਾਂਗ ਹੋਵੇਗਾ। ਗ਼ਰੀਬ ਹੋਣ ਦੀ ਹਾਲਤ ਵਿਚ ਗ਼ਰੀਬਾਂ ਵਾਂਗ ਹੋਵੇਗਾ।

ਰਹਿਣ ਲਈ ਮਕਾਨ

ਖਾਣ-ਪੀਣ ਦੀਆਂ ਚੀਜ਼ਾਂ ਤੋਂ ਬਾਅਦ ਪਤੀ ਦੇ ਲਈ ਉਸ ਦੇ ਰਹਿਣ ਲਈ ਮਕਾਨ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਦਾਰੀ ਹੈ। ਕੁਰਆਨ ਸ਼ਰੀਫ਼ ਵਿਚ ਫ਼ਰਮਾਨ ਹੈ।

'ਇਹਨਾਂ' ਨੂੰ ਆਪਣੀ ਹੈਸੀਅਤ ਅਨੁਸਾਰ ਉਥੇ ਹੀ ਠਹਿਰਾਓ ਜਿੱਥੇ ਤੁਸੀਂ ਰਹਿੰਦੇ ਹੋ।'

142-ਇਸਲਾਮ ਵਿਚ ਔਰਤ ਦਾ ਸਥਾਨ