ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਤੁਹਾਡੇ ਵਿੱਚੋਂ ਚੰਗਾ ਉਹ ਹੈ ਜਿਹੜਾ ਆਪਣੇ ਆਰ-ਪਰਿਵਾਰ ਨਾਲ ਚੰਗਾ ਹੋਵੇ। ਮੈਂ ਆਪਣੇ ਆਰ-ਪਰਿਵਾਰ ਨਾਲ ਤੁਹਾਡੇ ਵਿੱਚੋਂ ਸਭ ਤੋਂ ਚੰਗਾਂ ਹਾਂ।'

ਦੂਸਰੀ ਥਾਂ ਆਪ (ਸ.) ਦਾ ਫ਼ਰਮਾਨ ਹੈ:-

'ਤੁਹਾਡੇ ਵਿੱਚੋਂ ਸਭ ਤੋਂ ਵਧੀਆ ਉਹ ਲੋਕ ਹਨ ਜਿਹੜੇ ਆਪਣੀਆਂ ਪਤਨੀਆਂ ਦੇ ਨਾਲ ਚੰਗੇ ਹੋਣ।'

ਔਰਤ ਦੇ ਹੱਕ

ਔਰਤ ਦਾ ਮਰਦ 'ਤੇ ਇਹ ਵੀ ਹੱਕ ਹੈ ਕਿ ਉਹ ਇਨਸਾਫ਼ ਨਾਲ ਉਸ ਦੇ ਹੱਕਾਂ ਦੀ ਅਦਾਇਗੀ ਕਰਦਾ ਰਹੇ। ਉਸ ਨੂੰ ਦੁੱਖ ਤਕਲੀਫ਼ ਨਾ ਦੇਵੇ, ਸਖ਼ਤੀ ਨਾਲ ਗੱਲਬਾਤ ਨਾ ਕਰੇ। ਬਦ-ਕਲਾਮੀ ਨਾ ਕਰੇ, ਤਾਹਣੇ ਮਿਹਨੇ ਨਾ ਦੇਵੇ, ਦਿਲ ਨਾ ਤੋੜੇ, ਉਸਦੇ ਮਾਂ-ਬਾਪ, ਰਿਸ਼ਤੇਦਾਰਾਂ ਨੂੰ ਮਿਲਣ ਤੇ ਪਾਬੰਦੀ ਨਾ ਲਾਏ, ਉਸ ਦੀਆਂ ਨਿਤਾ-ਪ੍ਰਤੀ ਜ਼ਰੂਰਤਾਂ ਦੇ ਨਾਲ ਨਾਲ ਜਾਇਜ਼ ਦਿਲੀ ਇੱਛਾਵਾਂ ਨੂੰ ਵੀ ਪੂਰਾ ਕਰਨ ਦਾ ਖ਼ਿਆਲ ਰੱਖੇ। ਜ਼ੁਲਮ ਜ਼ਿਆਦਤੀ ਨਾ ਕਰੇ। ਆਪ (ਸ.) ਨੇ ਆਪਣੀਆਂ ਹੋਰ ਪਤਨੀਆਂ ਨਾਲ ਕਿਸੇ ਇੱਕ ਪਤਨੀ ਦੇ ਮੁਕਾਬਲੇ ਕਿਸੇ ਨੂੰ ਘੱਟ ਅਤੇ ਵੱਧ ਦਾ ਅਹਿਸਾਸ ਨਹੀਂ ਹੋਣ ਦਿੱਤਾ। ਆਪ ਹਰੇਕ ਪਤਨੀ ਦੀ ਦਿਲਜੋਈ ਫ਼ਰਮਾਉਂਦੇ। ਸਭ ਨਾਲ ਇੱਕੋ ਜਿਹਾ ਸਲੂਕ ਕਰਦੇ। ਆਪ ਦਾ ਜੋ ਘਰੇਲੂ ਜੀਵਨ ਸਬੰਧੀ ਤਰੀਕਾ ਉਹ ਇਕ ਜ਼ਿੰਦਾ ਮਿਸਾਲ ਹੈ।ਆਪ ਦੇ ਅਦਲ (ਇਨਸਾਫ਼) ਦਾ ਇਹ ਨਮੂਨਾ ਹੋਰ ਕਿਧਰੇ ਨਜ਼ਰੀਂ ਨਹੀਂ ਆਉਂਦਾ। ਅਜੋਕੇ ਦੌਰ ਵਿਚ ਜਿਹੜੀਆਂ ਸ਼ੌਕੀਆ ਸ਼ਾਦੀਆ ਕਰਵਾਈਆਂ ਜਾਂਦੀਆਂ ਹਨ ਉਸ ਵਿਚ ਰੰਗ-ਰੂਪ ਅਤੇ ਮਾਲਦੌਲਤ ਵਾਲੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਜੋ ਇਨਸਾਫ਼ਦੇ ਸਰਾਸਰ ਖ਼ਿਲਾਫ਼ ਹੈ। ਕੁਰਆਨ ਮਜੀਦ 'ਚ ਫ਼ਰਮਾਨ ਹੈ ਕਿ ਤੁਸੀਂ ਆਪਣੀ ਬੇਹੱਦ ਇੱਛਾ ਦੇ ਬਾਵਜੂਦ ਪਤਨੀਆਂ ਦੇ ਵਿਚਕਾਰ ਅਦਲ-ਇਨਸਾਫ਼ ਨਾਲ ਰਹਿਣ 'ਤੇ ਕੁਦਰਤ ਨਹੀਂ ਰਖ ਸਕੋਗੇ। ਇਸ ਲਈ ਅਜਿਹਾ ਨਾ ਕਰਨਾ ਕਿ ਇਕ ਪਾਸੇ ਹੀ ਉਲਰ ਜਾਵੋ। ਦੂਜੀ ਨੂੰ ਵਿੱਚ ਵਿਚਾਲੇ ਲਟਕਾ ਕੇ ਛੱਡ ਦੇਵੋ। (ਕਿ ਉਹ ਨਾ ਵਿਆਹੀ ਰਹੇ ਅਤੇ ਨਾ ਬਿਨ ਵਿਆਹੀ)  ਕਿਉਂਕਿ ਕੁਰਆਨ ਸ਼ਰੀਫ਼ ਵਿੱਚ ਰੱਬ ਦਾ ਫ਼ਰਮਾਨ ਹੈ:-

"ਉਹਨਾਂ ਨੂੰ ਸਿਰਫ਼ ਤਕਲੀਫ਼ ਦੇਣ ਦੇ ਲਈ ਰੋਕੀਂ ਨਾ ਰੱਖੋ ਜਿਹੜਾ ਅਜਿਹਾ ਕਰੇਗਾ ਉਹ ਆਪਣੇ 'ਤੇ ਜ਼ੁਲਮ ਕਮਾਏਗਾ।"

(ਸੂਰਤ ਅਲ-ਬਕਰਹ ਨੂੰ 231)

144-ਇਸਲਾਮ ਵਿਚ ਔਰਤ ਦਾ ਸਥਾਨ