ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਮ-ਬਿਸਤਰੀ (ਸੰਭੋਗ) ਦੇ ਆਸਾਰ ਖ਼ਤਮ ਹੋ ਜਾਣ ਦੇ ਲਈ ਰਖੀ ਗਈ ਹੈ। ਇਸ ਦੀ ਮੁੱਦਤ ਤਿੰਨ ਮਾਹਵਾਰੀਆਂ ਦਾ ਆਉਣਾ, ਘੱਟ ਉਮਰ ਵਾਲੀਆਂ ਲੜਕੀਆਂ ਲਈ ਤਿੰਨ ਮਹੀਨੇ ਅਤੇ ਗਰਭ ਵਾਲੀਆਂ ਜ਼ਨਾਨੀਆਂ ਲਈ ਜਦੋਂ ਤੱਕ ਬੱਚਾ ਪੈਦਾ ਨਾ ਹੋ ਜਾਵੇ, ਹੈ। ਜੇਕਰ ਗ਼ੈਰ ਗਰਭ ਵਾਲੀ ਜ਼ਨਾਨੀ ਦਾ ਪਤੀ ਮਰ ਜਾਵੇ ਤਾਂ ਉਸ ਦਾ ਸਮਾਂ ਚਾਰ ਮਹੀਨਾ ਦਸ ਦਿਨ ਹਨ। ਜਿਸ ਦਾ ਪਤੀ ਮਰ ਜਾਵੇ ਉਹ ਬਾਲਿਗ ਹੋਵੇ ਉਸ ਜ਼ਨਾਨੀ ਲਈ ਇਸ ਦੌਰਾਨ ਖ਼ੁਸ਼ਬੂ ਲਾਉਣਾ, ਖ਼ਾਸ ਰੇਸ਼ਮੀ ਅਤੇ ਰੰਗੇ ਹੋਏ ਕੱਪੜੇ, ਫੁੱਲ ਅਤੇ ਜ਼ੇਬਰ ਪਹਿਨਣਾ, ਪਾਨ ਖਾ ਕੇ ਮੂੰਹ ਲਾਲ ਕਰਨਾ, ਮੱਸੀ ਮਲਣਾ, ਸਿਰ ਵਿਚ ਖੁਸ਼ਬੂਦਾਰ ਤੇਲ ਲਾਉਣਾ, ਜ਼ਰੂਰਤ ਤੋਂ ਵੱਧ ਕੰਘੀ ਕਰਨਾ, ਮਹਿੰਦੀ ਲਾਉਣਾ ਦਰੁਸਤ ਨਹੀਂ।

ਮਾਂ ਦਾ ਬੱਚੇ ਨੂੰ ਦੁੱਧ ਪਿਲਾਉਣਾ

ਬੱਚੇ ਦੀ ਪੈਦਾਇਸ਼ ਤੋਂ ਬਾਅਦ ਮਾਂ ਦਾ ਬੱਚੇ ਨੂੰ ਦੁੱਧ ਪਿਲਾਉਣਾ ਜ਼ਰੂਰੀ ਹੈ। ਜੇਕਰ ਬਾਪ ਮਾਲਦਾਰ ਹੈ ਕਿਸੇ ਹੋਰ ਤੋਂ ਦੁੱਧ ਪਿਲਾਉਣ ਵਾਲੀ ਦਾ ਇੰਤਜ਼ਾਮ ਵੀ ਕਰ ਸਕਦਾ ਹੈ। ਇਸ ਸੂਰਤ ਵਿਚ ਮਾਂ ਦਾ ਬੱਚੇ ਨੂੰ ਦੁੱਧ ਨਾ ਪਿਲਾਉਣਾ ਕੋਈ ਪਾਪ ਨਹੀਂ ਹੈ।

ਦੁੱਧ ਪਿਲਾਉਣ ਦੀ ਵੱਧ ਤੋਂ ਵੱਧ ਮੁੱਦਤ ਦੋ ਸਾਲ ਹੈ। ਇਸ ਲਈ ਦੋ ਸਾਲ ਤੋਂ ਵੱਧ ਦੁੱਧ ਪਿਲਾਉਣਾ ਜਾਇਜ਼ ਨਹੀਂ। ਔਰਤ ਦਾ ਆਪਣੇ ਪਤੀ ਦੀ ਆਗਿਆ ਤੋਂ ਬਗ਼ੈਰ ਕਿਸੇ ਹੋਰ ਬੱਚੇ ਨੂੰ ਦੁੱਧ ਪਿਲਾਉਣਾ ਦਰੁਸਤ ਨਹੀਂ ਪਰੰਤੂ ਜੇਕਰ ਬੱਚਾ ਭੁੱਖ ਕਾਰਨ ਤੜਪ ਰਿਹਾ ਹੋਵੇ, ਦੁੱਧ ਨਾ ਮਿਲਣ ਕਰਕੇ ਉਸ ਦੀ ਜਾਨ ਨੂੰ ਖ਼ਤਰਾ ਹੋਵੇ ਤਾਂ ਅਜਿਹੀ ਸੂਰਤ ਵਿਚ ਬਗ਼ੈਰ ਇਜਾਜ਼ਤ ਤੋਂ ਵੀ ਔਰਤ ਦੁੱਧ ਪਿਲਾ ਸਕਦੀ ਹੈ। ਜਿਸ ਬੱਚੇ ਨੇ ਜਿਸ ਔਰਤ ਦਾ ਦੁੱਧ ਪੀਤਾ ਹੋਵੇ ਉਸ ਦੇ ਬੱਚੇ ਦੁੱਧ ਸ਼ਰੀਕ ਭੈਣ-ਭਾਈ ਬਣ ਜਾਣਗੇ।

ਜੇਕਰ ਰੱਬ ਨਾ ਕਰੇ ਮੀਆਂ ਬੀਵੀ ਵਿਚ ਨਚਾਕੀ ਹੋ ਜਾਵੇ ਅਤੇ ਆਪਸ ਵਿਚ ਵੱਖਰੇ ਹੋ ਜਾਣ ਤਾਂ ਬੱਚੇ ਦੀ ਸਾਂਭ ਸੰਭਾਲ ਦਾ ਕੰਮ ਮਾਂ ਦੇ ਜ਼ਿੰਮੇ ਹੋਵੇਗਾ। ਪਰੰਤੂ ਜੇਕਰ ਮਾਂ ਨਾ ਚਾਹਵੇ ਤਾਂ ਇਸ ਦੀ ਜ਼ਿੰਮੇਦਾਰੀ ਬਾਪ 'ਤੇ ਹੋਵੇਗੀ। ਬੱਚੇ ਦੀ ਸਾਂਭ ਸੰਭਾਲ ਕਰਨ ਵਾਲੀ ਔਰਤ ਬੱਚੇ ਦੀ ਮਾਂ ਹੋਵੇ ਜਾਂ ਕੋਈ ਹੋਰ ਔਰਤ, ਬੱਚੇ ਦੇ ਬਾਪ ਤੋਂ ਇਸ ਦਾ ਬਣਦਾ ਖ਼ਰਚਾ ਲੈ ਸਕਦੀ ਹੈ।

146-ਇਸਲਾਮ ਵਿਚ ਔਰਤ ਦਾ ਸਥਾਨ