ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਂ ਬਾਪ ਨੂੰ ਬੋਝ ਸਮਝਦੇ ਹਨ। ਮਾਂ-ਬਾਪ ਦੀ ਅਹਿਮੀਅਤ ਦਰਸਾਉਂਦਿਆਂ ਆਪ (ਸ.) ਦਾ ਫ਼ਰਮਾਨ ਹੈ ਕਿ 'ਮਾਂ-ਬਾਪ ਦਾ ਹੱਕ ਪੂਰੀ ਉਮਰ ਅਦਾ ਨਹੀਂ ਕੀਤਾ ਸਕਦਾ। ਹਾਂ, ਅਜਿਹੀ ਸੂਰਤ ਵਿਚ ਜੇਕਰ ਮਾਂ ਬਾਪ ਕਿਸੇ ਦੇ ਗ਼ਲਾਮ ਹੋਣ ਤਾਂ ਉਹਨਾਂ ਨੂੰ ਖ਼ਰੀਦ ਕੇ ਅਜ਼ਾਦ ਕਰਵਾ ਦੇਵੇ।

ਮਾਂ-ਬਾਪ ਦੀ ਨਿਸ਼ਕਾਮ ਸੇਵਾ, ਬੱਚਿਆਂ ਨਾਲ ਅਥਾਹ ਪਿਆਰ-ਮੁਹੱਬਤ, ਬੱਚੇ ਦੀ ਹਰੇਕ ਪ੍ਰੇਸ਼ਾਨੀ ਨੂੰ ਆਪਣੀ ਪ੍ਰੇਸ਼ਾਨੀ ਸਮਝਣਾ, ਆਪ ਭੁੱਖੇ ਰਹਿ ਕੇ ਬੱਚਿਆਂ ਨੂੰ ਖੁਆਉਣਾ, ਆਪ ਗਿੱਲੀ ਥਾਂ ਸੌ ਕੇ ਬੱਚੇ ਨੂੰ ਸੁੱਕੀ ਥਾਂ ਸੁਲਾਉਣਾ, ਆਖ਼ਰੀ ਸਾਹ ਤੱਕ ਬੱਚਿਆਂ ਦੀ ਤਰਬੀਅਤ ਅਤੇ ਤਰੱਕੀ ਲਈ ਕਾਮਨਾ ਕਰਦੇ ਰਹਿਣਾ, ਔਲਾਦ ਦੀ ਖ਼ੁਸ਼ੀ ਨੂੰ ਆਪਣੀ ਖੁਸ਼ੀ ਸਮਝਣਾ ਚੰਗੇ ਮਾਂ ਬਾਪ ਦੀ ਨਿਸ਼ਾਨੀ ਹੈ। ਆਪ (ਸ.) ਦਾ ਫ਼ਰਮਾਨ ਹੈ ਕਿ ਮਾਂ-ਬਾਪ ਦੇ ਕਦਮਾਂ ਹੇਠਾਂ ਜੰਨਤ ਹੈ। ਮਾਂ ਬਾਪ ਦੀ ਰਜ਼ਾ ਰੱਬ ਦੀ ਰਜ਼ਾ ਹੈ। ਮਾਂ ਦੀ ਦੁਆ ਔਲਾਦ ਲਈ ਇਸ ਤਰ੍ਹਾਂ ਹੈ ਜਿਵੇਂ ਖੇਤੀ ਲਈ ਪਾਣੀ। ਕੁਰਆਨ ਮਜੀਦ ਵਿਚ ਫ਼ਰਮਾਨ ਹੈ ਕਿ ਤੁਸੀਂ ਆਪਣੇ ਮਾਂ ਬਾਪ ਨੂੰ ਉਫ਼ ਦਾ ਸ਼ਬਦ ਵੀ ਨਾ ਕਹੋ। ਹਜ਼ਰਤ ਮੁਹੰਮਦ (ਸ.) ਕੋਲ ਇਕ ਸਹਾਬੀ ਆਏ ਅਤੇ ਅਰਜ਼ ਕੀਤੀ ਕਿ ਮੇਰੀ ਭਲਾਈ ਦਾ ਸਭ ਤੋਂ ਜ਼ਿਆਦਾ ਹੱਕਦਾਰ ਕੌਣ ਹੈ?

ਆਪ ਨੇ ਫ਼ਰਮਾਇਆ, ਤੁਹਾਡੀ ਮਾਂ।

ਸਵਾਲੀ ਨੇ ਪੁੱਛਿਆ, ਫਿਰ?

ਆਪ ਨੇ ਫ਼ਰਮਾਇਆ, ਤੁਹਾਡੀ ਮਾਂ।

ਉਸ ਨੇ ਪੁੱਛਿਆ, ਉਸ ਤੋਂ ਬਾਅਦ?

ਆਪ ਨੇ ਫ਼ਰਮਾਇਆ, ਤੁਹਾਡੀ ਮਾਂ।

ਉਸ ਨੇ ਫਿਰ ਪੁੱਛਿਆ, ਉਸ ਤੋਂ ਬਾਅਦ?

ਆਪ ਨੇ ਫ਼ਰਮਾਇਆ, ਤੁਹਾਡਾ ਬਾਪ ਅਤੇ ਉਸ ਦੇ ਪਿੱਛੋਂ ਦਰਜੇ ਦੇ ਲਿਹਾਜ਼ ਨਾਲ ਤੁਹਾਡੇ ਰਿਸ਼ਤੇਦਾਰ।

(ਤਿਰਮਜ਼ੀ)

ਇੱਕ ਆਦਮੀ ਨੇ ਆਪ (ਸ.) ਤੋਂ ਪੁੱਛਿਆ, ਮਾਂ-ਬਾਪ ਦਾ ਹੱਕ ਔਲਾਦ 'ਤੇ ਕੀ ਹੈ? ਫ਼ਰਮਾਇਆ, ਉਹ ਦੋਵੇਂ ਤੁਹਾਡੇ ਲਈ ਜੰਨਤ ਅਤੇ ਦੋਜ਼ਖ਼ ਹਨ।

(ਇਬਨ-ਏ-ਮਾਜਾ)

ਆਪ ਦਾ ਫ਼ਰਮਾਨ ਹੈ ਕਿ ਸਭ ਤੋਂ ਵਧੀਆ ਨੇਕੀ ਇਹ ਹੈ ਕਿ ਮਾਂ-ਬਾਪ ਦੇ ਮਿਲਣ ਜੁਲਣ ਵਾਲਿਆਂ ਨਾਲ ਵਧੀਆ ਸਲੂਕ ਕੀਤਾ ਜਾਵੇ।

149-ਇਸਲਾਮ ਵਿਚ ਔਰਤ ਦਾ ਸਥਾਨ