ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਉਕਬਾ

ਇਹਨਾਂ ਗੱਲਾਂ ਤੋਂ ਬਾਅਦ ਜਦੋਂ ਫਿਰ ਹੱਜ ਦਾ ਸਮਾਂ ਆਇਆ ਤਾਂ ਆਪ ਇਕੱਲੇ-ਇਕੱਲੇ ਲੋਕਾਂ ਕੋਲ ਜਾਂਦੇ ਅਤੇ ਹੱਕ ਸੱਚ ਦਾ ਹੋਕਾ ਲਾਉਂਦੇ, ਕੁਰਆਨ ਪੜ੍ਹ ਕੇ ਸੁਣਾਉਂਦੇ ਕਿ ਇਹ ਨਾ ਸਿਰਫ਼ ਸਮਾਜ ਦਾ ਹਨ੍ਹੇਰਾਪਣ ਦੂਰ ਕਰੇਗਾ ਬਲਕਿ ਦਿਲ ਦੀ ਗੁੰਮਰਾਹੀ ਵੀ ਦੂਰ ਕਰ ਦੇਵੇਗਾ। ਮਦੀਨੇ ਦੇ ਆਲੇ ਦੁਆਲੇ ਯਹੂਦੀ ਇਹ ਗੱਲਾਂ ਸੁਣ ਕੇ ਕਹਿੰਦੇ ਕਿ ਬਹੁਤ ਛੇਤੀ ਇੱਕ ਨਬੀ ਆਉਣ ਵਾਲਾ ਸੀ, ਹੋ ਸਕਦਾ ਹੈ ਕਿ ਇਹ ਉਹੀ ਨਬੀ ਨਾ ਹੋਵੇ। ਇਸ ਪਿੱਛੋਂ ਆਪ ਦੀ ਰਿਸਾਲਤ ਕਬੂਲ ਕਰ ਲਈ ਅਤੇ ਮੁਸਲਮਾਨ ਬਣ ਗਏ।ਇਹਨਾਂ ਤੋਂ ਇਲਾਵਾ ਬਾਰ੍ਹਾਂ ਬੰਦਿਆਂ ਦੇ ਇੱਕ ਹੋਰ ਗਰੁੱਪ ਨੇ ਹਜ਼ੂਰ ਦੇ ਹੱਥ 'ਤੇ ਬੈਅਤ ਕੀਤੀ ਅਤੇ ਵਾਅਦਾ ਕੀਤਾ ਕਿ ਇਬਾਦਤ-ਬੰਦਗੀ ਵਿੱਚ ਕਿਸੇ ਹੋਰ ਨੂੰ ਸਾਂਝੀਵਾਲ ਨਹੀਂ ਬਣਾਵਾਂਗੇ, ਨਾ ਚੋਰੀ ਕਰਾਂਗੇ ਅਤੇ ਨਾ ਹੀ ਆਪਣੀ ਔਲਾਦ ਨੂੰ ਮਾਰਾਂਗੇ। ਜਦੋਂ ਇਹ ਲੋਕ ਵਾਪਸ ਪਰਤਣ ਲੱਗੇ ਤਾਂ ਆਪ ਨੇ ਇਬਨ-ਏ-ਉਂਮੇ-ਮਕਤੂਮ ਅਤੇ ਮਸਅਬ ਬਿਨ ਉਮੈਰ ਨੂੰ ਇਹਨਾਂ ਦੇ ਨਾਲ ਕੁਰਆਨ ਕਰੀਮ ਪੜ੍ਹਾਉਣ ਲਈ ਭੇਜ ਦਿੱਤਾ। ਕੁੱਝ ਚਿਰ ਪਿੱਛੋਂ ਅਜਿਹਾ ਸਮਾਂ ਆਇਆ ਕਿ ਮਦੀਨੇ ਸ਼ਹਿਰ ਵਿੱਚ ਕੋਈ ਅਜਿਹਾ ਘਰ ਨਹੀਂ ਰਿਹਾ ਜਿਸ ਵਿੱਚ ਇਸਲਾਮ ਦਾਖ਼ਲ ਨਾ ਹੋਇਆ ਹੋਵੇ।

ਦੂਜਾ ਉਕਬਾ

ਮਸਅਬ ਬਿਨ ਉਮੈਰ ਇੱਕ ਸਾਲ ਤੱਕ ਮਦੀਨਾ ਵਿਖੇ ਰਹੇ। ਜਦੋਂ ਹੱਜ ਦਾ ਸਮਾਂ ਆਇਆ ਤਾਂ ਕਾਫ਼ਲੇ ਦੇ ਨਾਲ ਹੱਜ ਲਈ ਮੱਕਾ ਚਲੇ ਗਏ। ਇਸ ਕਾਫ਼ਲੇ ਵਿੱਚ ਕੁੱਝ ਹੋਰ ਲੋਕ ਵੀ ਸ਼ਾਮਲ ਸਨ ਜਿਹੜੇ ਹਾਲੀਂ ਮੁਸਲਮਾਨ ਨਹੀਂ ਹੋਏ ਸਨ। ਮੁਸਲਮਾਨਾਂ ਨੇ ਮੱਕਾ ਪਹੁੰਚ ਕੇ ਹਜ਼ੂਰ ਦੀ ਜ਼ਿਆਰਤ ਕੀਤੀ ਅਤੇ ਉਕਬਾ ਦੇ ਸਥਾਨ 'ਤੇ ਦੁਬਾਰਾ ਮਿਲਣ ਦਾ ਵਾਅਦਾ ਕੀਤਾ। ਇਸ ਵਾਅਦੇ ਦੀ ਪੂਰਤੀ ਲਈ ਅਬਦੁੱਲਾਹ ਬਿਨ ਅਮਰ ਅਤੇ ਅਬੂ ਜਾਬਰ ਦੇ ਨਾਲ ਕੁੱਝ ਹੋਰ ਲੋਕ ਵੀ ਸਨ ਮਿਲਣ ਲਈ ਆਏ। ਇਸੇ ਰਾਤ ਉਹਨਾਂ ਨੇ ਬੈਅਤ ਕੀਤੀ ਅਤੇ ਇਸਲਾਮ ਲੈ ਆਏ ਅਤੇ ਪੱਕਾ ਵਾਅਦਾ ਕੀਤਾ ਕਿ ਤੁਸੀਂ ਸਾਡੇ ਸ਼ਹਿਰ ਆਓ ਅਸੀਂ ਤੁਹਾਡੀ ਹਰ ਲਿਹਾਜ਼ ਨਾਲ ਮਦਦ ਕਰਨ ਦਾ ਭਰੋਸਾ ਦਿੰਦੇ ਹਾਂ। ਇਹਨਾਂ ਮਦੀਨੇ ਵਾਲਿਆਂ ਵਿੱਚ ਤਿਹੱਤਰ ਮਰਦ ਅਤੇ ਦੋ ਔਰਤਾਂ ਸ਼ਾਮਲ ਸਨ,ਇਹਨਾਂ ਨੂੰ ਹਜ਼ੂਰ ਨੇ ਫ਼ਰਮਾਇਆ ਕਿ ਤੁਸੀਂ ਆਪਣੀ ਕੌਮ ਵਿੱਚ ਤਾਲੀਮ ਫੈਲਾਉਣ ਦੀ ਜ਼ਿੰਮੇਦਾਰੀ ਲਓ ਮੈਂ ਤੁਹਾਡੇ ਸਾਰੇ ਲੋਕਾਂ ਦਾ ਜ਼ਿੰਮੇਦਾਰ ਹਾਂ।

15-ਇਸਲਾਮ ਵਿਚ ਔਰਤ ਦਾ ਸਥਾਨ