ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤਾ ਨਹੀਂ ਔਰਤਾਂ ਕਿਸ ਹਾਲ ਵਿਚ ਹੋਣ। ਇਕ ਆਦਮੀ ਨੇ ਹਜ਼ੂਰ (ਸ.) ਤੋਂ ਪੁੱਛਿਆ, ਕੀ ਮੈਂ ਆਪਣੀ ਮਾਂ ਦੇ ਘਰ ਵੀ ਇਜਾਜ਼ਤ ਲੈ ਕੇ ਦਾਖ਼ਲ ਹੋਵਾਂ? ਜਦੋਂ ਕਿ ਉਹਨਾਂ ਦੀ ਸੇਵਾ ਕਰਨ ਵਾਲਾ ਹੋਰ ਕੋਈ ਨਹੀਂ। ਮੈਂ ਹਰੇਕ ਵਾਰੀ ਉਹਨਾਂ ਤੋਂ ਇਜਾਜ਼ਤ ਲਵਾਂ? ਆਪ ਨੇ ਫ਼ਰਮਾਇਆ ਕਿ, "ਕੀ ਤੂੰ ਇਹ ਪਸੰਦ ਕਰਦਾ ਹੈ ਕਿ ਤੂੰ ਆਪਣੀ ਮਾਂ ਨੂੰ ਨੰਗਾ ਵੇਖੇ"। (ਇਬਨ-ਏ-ਜਰੀਰ)

ਘਰ ਵਿਚ ਦਾਖ਼ਲ ਹੋ ਕੇ ਸਲਾਮ ਕੀਤਾ ਜਾਵੇ। ਇਕ ਵਾਰੀ ਹਜ਼ਰਤ ਕੁਲਾਹ ਬਿਨ ਹੰਬਲ ਹਜ਼ੂਰ (ਸ.) ਕੋਲ ਗਏ ਅਤੇ ਸਲਾਮ ਕੀਤੇ ਬਗੈਰ ਐਵੇਂ ਹੀ ਜਾ ਕੇ ਬੈਠ ਗਏ। ਆਪ ਨੇ ਫ਼ਰਮਾਇਆ, "ਬਾਹਰ ਜਾਓ ਅਤੇ ਸਲਾਮ ਕਹਿ ਕੇ ਅੰਦਰ ਆਓ।" ਇਜਾਜ਼ਤ ਲੈ ਕੇ ਵੀ ਜੰਮ ਕੇ ਬੈਠ ਜਾਣਾ ਮੁਨਾਸਿਬ ਨਹੀਂ ਹੋ ਸਕਦਾ ਹੈ ਕਿ ਮਿਲਣ ਵਾਲੇ ਨੂੰ ਆਪਣਾ ਕੋਈ ਨਿੱਜੀ ਰੁਝੇਵਾਂ ਹੋਵੇ।

ਪਤੀ ਪਤਨੀ

ਸ਼ਾਦੀ ਹੋਣ ਤੋਂ ਬਾਅਦ ਕੁੱਝ ਸਮੇਂ ਤੱਕ ਆਪਸ ਵਿਚ ਜਜ਼ਬਾਤੀ ਪਿਆਰ ਮੁਹੱਬਤ ਦਾ ਦੌਰ ਚੱਲਦਾ ਰਹਿੰਦਾ ਹੈ। ਆਪਸੀ ਕਮੀਆਂ ਬੇਸ਼ੀਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਇਹੋ ਕਮਜ਼ੋਰੀ ਬਦਗੁਮਾਨੀ ਦਾ ਸਬੱਬ ਬਣ ਜਾਂਦੀ ਹੈ। ਜੇਕਰ ਪਤਨੀ ਤੋਂ ਕੋਈ ਗ਼ਲਤੀ ਹੋ ਗਈ ਅਤੇ ਪਤੀ ਨੇ ਕੁੱਝ ਕਹਿ ਦਿੱਤਾ ਤਾਂ ਪਤਨੀ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਹੁਣ ਪਤੀ ਦੇ ਦਿਲ ਵਿਚ ਮੇਰੇ ਵਾਸਤੇ ਮੁਹੱਬਤ ਨਹੀਂ ਰਹੀ। ਇਹੋ ਛੋਟੀਆਂ ਛੋਟੀਆਂ ਗੱਲਾਂ ਕਈ ਵਾਰੀ ਨਜ਼ਦਕੀਆਂ ਤੋਂ ਦੂਰੀਆਂ ਤੱਕ ਲੈ ਜਾਂਦੀਆਂ ਹਨ। ਪਤਨੀ ਦੀ ਹਰੇਕ ਫ਼ਰਮਾਇਸ਼ ਪੂਰੀ ਕਰਨਾ ਪਤੀ ਲਈ ਕਠਿਨ ਹੋ ਜਾਂਦਾ ਹੈ। ਪਤੀ ਫ਼ਰਮਾਇਸ਼ਾਂ ਪੂਰੀਆਂ ਕਰਦਾ ਮਾਲੀ ਮੁਸ਼ਕਿਲਾਂ ਵਿਚ ਘਿਰ ਜਾਂਦਾ ਹੈ। ਜਿਸ ਕਰਕੇ ਘਰ ਦਾ ਮਾਹੌਲ ਵਿਗੜ ਜਾਂਦਾ ਹੈ। ਇਸ ਲਈ ਇਕ ਦੂਜੇ ਦੇ ਜਜ਼ਬਾਤ ਦਾ ਖ਼ਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ। ਗ਼ਰੀਬੀ ਅਤੇ ਤੰਗੀ ਦੇ ਦਿਨਾਂ ਵਿਚ ਜ਼ਿੰਦਗੀ ਨੂੰ ਖੁਸ਼ੀ ਖੁਸ਼ੀ ਗੁਜ਼ਾਰੇ। ਪਤੀ ਨੂੰ ਚਾਹੀਦਾ ਹੈ ਹਰੇਕ ਗੱਲ ਵਿਚ ਪਤਨੀ ਦੇ ਮਸ਼ਵਰੇ ਨੂੰ ਸ਼ਾਮਿਲ ਕਰੇ। ਆਪਸੀ ਸਹਿਯੋਗ ਅਤੇ ਇਕ ਦੂਜੇ 'ਤੇ ਭਰੋਸਾ ਰੱਖਣਾ ਜ਼ਰੂਰੀ ਹੈ। ਮੀਆਂ ਬੀਵੀ ਦਾ ਆਪਸੀ ਸਲੂਕ ਬੱਚਿਆਂ 'ਤੇ ਵਧੀਆ ਪ੍ਰਭਾਵ ਛੱਡੇਗਾ। ਮਹਿਮਾਨਾਂ ਨਾਲ ਹੈਸੀਅਤ ਅਨੁਸਾਰ ਸਲੂਕ ਕੀਤਾ ਜਾਵੇ। ਇਸ ਵਿਚ ਦੋਵਾਂ ਦੀ ਇੱਜ਼ਤ ਹੈ। ਜ਼ਬਾਨ ਨੂੰ ਕੰਟਰੋਲ ਰਖਣਾ ਬਹੁਤ ਜ਼ਰੂਰੀ ਹੈ। ਕਿੰਨੇ ਝਗੜੇ ਜ਼ੁਬਾਨ ਦੇ ਗ਼ਲਤ ਇਸਤੇਮਾਲ ਹੋਣ ਕਰਕੇ ਪੈਦਾ ਹੋ ਜਾਂਦੇ ਹਨ। ਹਜ਼ਰਤ ਮੁਆਜ਼ (ਰਜ਼ੀ.) ਨੇ ਅਰਜ਼ ਕੀਤੀ ਕਿ ਅੱਲਾਹ ਦੇ ਰਸੂਲ (ਸ.) ਕੀ ਸਾਡੀ ਗੱਲਬਾਤ ਦਾ ਵੀ ਸਾਥੋਂ ਹਿਸਾਬ ਲਿਆ

153-ਇਸਲਾਮ ਵਿਚ ਔਰਤ ਦਾ ਸਥਾਨ