ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਕੁਰੈਸ਼ ਨੂੰ ਇਸ ਬੈਅਤ ਬਾਰੇ ਪਤਾ ਚੱਲਿਆ ਤਾਂ ਸਵੇਰ ਹੁੰਦੇ ਹੀ ਕੁਰੈਸ਼ ਅਨਸਾਰੀਆਂ ਕੋਲ ਆਏ ਅਤੇ ਇਹਨਾਂ ਨੂੰ ਇਸਲਾਮ ਤੋਂ ਰੋਕਣ ਅਤੇ ਟੋਕਣ ਲੱਗੇ ਤਾਂ ਇਹਨਾਂ ਨੇ ਢੁਕਵੇਂ ਸ਼ਬਦਾਂ ਵਿੱਚ ਜਵਾਬ ਦਿੱਤੇ। ਮਾਯੂਸ ਹੋ ਕੇ ਮੁਸਲਮਾਨਾਂ ਨੂੰ ਹੋਰ ਤਕਲੀਫ਼ਾਂ ਦੇਣ ਲੱਗੇ।

ਮਦੀਨੇ ਲਈ ਹਿਜਰਤ

ਇਸ ਬੈਅਤ ਤੋਂ ਬਾਅਦ ਮਦੀਨਾ ਵਿਖੇ ਇਸਲਾਮ ਹੋਰ ਫੈਲ ਗਿਆ। ਮੁਸ਼ਰਿਕਾਂ ਨੂੰ ਹੋਰ ਤਕਲੀਫ਼ ਹੋਈ ਅਤੇ ਮੁਸਲਮਾਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਦੁੱਖ ਦੇਣ ਲੱਗੇ। ਜਦੋਂ ਇਹ ਕੰਮ ਹੱਦੋਂ ਵੱਧ ਗਿਆ ਤਾਂ ਅੱਲਾਹ ਨੇ ਜਿਹਾਦ ਦੀ ਆਇਤ ਨਾਜ਼ਿਲ ਫ਼ਰਮਾਈ (ਲੜਾਈ ਕਰੋ ਤੁਸੀਂ ਇਹਨਾਂ ਨਾਲ ਇਸ ਤੋਂ ਪਹਿਲਾਂ ਕਿ ਕੋਈ ਹੋਰ ਫ਼ਿਤਨਾਂ ਪੈਦਾ ਹੋਵੇ, ਸਾਰਾ ਦੀਨ ਅੱਲਾਹ ਦਾ ਹੈ)। ਇਸ ਪਿੱਛੋਂ ਹਜ਼ੂਰ ਨੇ ਮੁਸਲਮਾਨਾਂ ਲਈ ਮੱਕੇ ਤੋਂ ਮਦੀਨੇ ਹਿਜਰਤ ਕਰਨ ਲਈ ਆਖਿਆ। ਸਿਰਕੱਢ ਸਹਾਬੀ ਅਤੇ ਸਹਾਬੀਆ ਵੀਹ ਸਵਾਰਾਂ ਦੇ ਨਾਲ ਮਦੀਨਾ ਲਈ ਰਵਾਨਾ ਹੋ ਗਏ। ਹਜ਼ਰਤ ਅਬੂ ਬਕਰ ਸਿੱਦੀਕ ਨੇ ਹਿਜਰਤ ਲਈ ਤਿਆਰੀ ਕੀਤੀ ਤਾਂ ਆਪ ਨੇ ਮਨ੍ਹਾਂ ਫ਼ਰਮਾ ਦਿੱਤਾ ਕਿ ਤੁਹਾਡੇ ਹਿਜਰਤ ਕਰਨ ਦਾ ਹੁਕਮ ਮੇਰੇ ਨਾਲ ਹੋਇਆ ਹੈ। ਇੱਕ-ਇੱਕ ਕਰਕੇ ਸਾਰੇ ਸਹਾਬੀ ਮੱਕਾ ਤੋਂ ਚਲੇ ਸਿਰਫ਼ ਹਜ਼ੂਰ ਦੇ ਨਾਲ ਹਜ਼ਰਤ ਅਬੂ ਬਕਰ ਸਿੱਦੀਕ ਅਤੇ ਹਜ਼ਰਤ ਅਲੀ ਹੀ ਰਹਿ ਗਏ ਸਨ।

ਕੁਰੈਸ਼ ਦਾ ਮਸ਼ਵਰਾ

ਜਦੋਂ ਕੁਰੈਸ਼ ਵਾਲਿਆਂ ਨੇ ਮੁਸਲਮਾਨਾਂ ਦੇ ਮਦੀਨਾ ਜਾਣ ਅਤੇ ਇਸਲਾਮ ਫੈਲਣ ਨੂੰ ਸਮਝ ਲਿਆ ਤਾਂ ਦਾਰੁੱਨਦਵਾ ਦੇ ਸਥਾਨ 'ਤੇ ਇਕੱਠੇ ਹੋ ਕੇ ਮਸ਼ਵਰਾ ਕੀਤਾ ਕਿ ਹਜ਼ਰਤ ਮੁਹੰਮਦ ਵੀ ਇਸੇ ਤਰ੍ਹਾਂ ਚਲੇ ਜਾਣਗੇ ਕਿੰਨਾ ਚੰਗਾ ਹੋਵੇ ਕਿ ਮੁਹੰਮਦ ਨੂੰ ਕੈਦ ਕਰ ਲਿਆ ਜਾਵੇ ਜਾਂ ਦੇਸ਼ ਨਿਕਾਲਾ ਦੇ ਦਿੱਤਾ ਜਾਵੇ। ਅਬੂ ਜਹਿਲ ਨੇ ਕਿਹਾ ਹਰੇਕ ਕਬੀਲੇ ਦਾ ਇੱਕ ਇੱਕ ਆਦਮੀ ਮਿਲ ਕੇ ਮੁਹੰਮਦ ਨੂੰ ਮਾਰ ਦੇਈਏ, ਸਾਰਿਆਂ ਨੇ ਇਸ ਰਾਏ ਨੂੰ ਪਸੰਦ ਕੀਤਾ। ਰਾਤ ਨੂੰ ਆਪ ਦੇ ਘਰ ਦੀ ਘੇਰਾਬੰਦੀ ਕੀਤੀ ਗਈ। ਆਪ ਨੂੰ ਰੱਬ ਵੱਲੋਂ ਸੰਕੇਤ ਮਿਲ ਗਿਆ ਅਤੇ ਹਜ਼ਰਤ ਅਲੀ ਨੂੰ ਆਪਣੇ ਬਿਸਤਰ 'ਤੇ ਲੋਕਾਂ ਦੀਆ ਅਮਾਨਤਾਂ ਸਪੁਰਦ ਕਰਕੇ ਅਗਲੀ ਸਵੇਰ ਆਉਣ ਲਈ ਕਹਿ ਦਿੱਤਾ। ਆਪ ਅਤੇ ਅਬੂ ਬਕਰ ਸਿੱਦੀਕ (ਰ.) ਸੁਰਤ ਯਾਸੀਨ ਪੜ੍ਹ ਕੇ ਘਰੋਂ ਨਿੱਕਲੇ। ਅਬਦੁੱਲਾਹ ਬਿਨ ਅਰੀਕਤ ਨੂੰ ਉਜਰਤ ਦੇ ਕੇ ਮਦੀਨੇ ਦਾ ਰਾਹਬਰ ਨਿਯੁਕਤ ਕਰਕੇ ਚਾਲੇ ਪਾ ਲਏ।

16-ਇਸਲਾਮ ਵਿਚ ਔਰਤ ਦਾ ਸਥਾਨ