ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨਾਂ ਦੇ ਲਈ ਦੁਆ ਫ਼ਰਮਾਉਂਦੇ ਰਹੇ। ਆਪ ਨੇ ਇਹ ਵੀ ਫ਼ਰਮਾਇਆ ਕਿ ਮੈਂ ਤੁਹਾਨੂੰ ਰੱਬ ਤੋਂ ਡਰਨ ਦੀ ਨਸੀਹਤ ਕਰਦਾ ਹਾਂ ਅਤੇ ਰੱਬ ਤੋਂ ਤੁਹਾਡੇ ਲਈ ਰਹਿਮ ਦੀ ਅਪੀਲ ਕਰਦਾ ਹਾਂ ਅਤੇ ਉਸ ਦੀ ਹਿਫ਼ਾਜ਼ਤ ਵਿੱਚ ਤੁਹਾਨੂੰ ਛੱਡਦਾ ਹਾਂ, ਤੁਹਾਨੂੰ ਉਸ ਦੇ ਸਪੁਰਦ ਕਰਦਾ ਹਾਂ। ਐ ਲੋਕੋ! ਤੁਹਾਨੂੰ ਡਰ ਅਤੇ ਖ਼ੁਸ਼ਖ਼ਬਰੀ ਸੁਣਾਉਂਦਾ ਹਾਂ, ਤੁਸੀਂ ਰੱਬ ਦੇ ਹੁਕਮਾਂ, ਸ਼ਹਿਰਾਂ ਅਤੇ ਉਸ ਦੀ ਮੁਖ਼ਲੂਕ 'ਤੇ ਜ਼ਿਆਦਤੀ ਨਾ ਕਰਨਾ ਕਿਉਂਕਿ ਰੱਬ ਨੇ ਮੈਨੂੰ ਅਤੇ ਤੁਹਾਨੂੰ ਇਹੋ ਕਿਹਾ ਹੈ ਕਿ ਆਖ਼ਿਰਤ ਦਾ ਘਰ ਇੱਕ ਅਜਿਹਾ ਮਕਾਮ ਹੈ ਜਿਸ ਦੇ ਮਾਲਕ ਸਿਰਫ਼ ਉਹਨਾਂ ਲੋਕਾਂ ਨੂੰ ਬਣਾਵਾਂਗਾ ਜਿਹੜੇ ਜ਼ਮੀਨ 'ਤੇ ਨਾਫ਼ਰਮਾਨੀ ਅਤੇ ਚੰਗੇ ਨਹੀਂ ਕਰਨਗੇ, ਉਸ ਥਾਂ ਸਿਰਫ਼ ਪਾਕ ਸਾਫ਼ ਲੋਕਾਂ ਦਾ ਨਿਵਾਸ ਸਥਾਨ ਹੈ। ਇਸ ਪਿੱਛੋਂ ਆਪ ਨੇ ਮਸਜਿਦ ਦੇ ਜਿੰਨੇ ਦਰਵਾਜ਼ੇ ਸਨ, ਹਜ਼ਰਤ ਅਬੂ ਬਕਰ ਵਾਲਾ ਦਰਵਾਜ਼ਾ ਛੱਡ ਕੇ ਸਾਰਿਆਂ ਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ ਅਤੇ ਫ਼ਰਮਾਇਆ ਕਿ ਹਜ਼ਰਤ ਅਬੂ ਬਕਰ ਤੋਂ ਵੱਧ ਮੇਰਾ ਕੋਈ ਦੋਸਤ ਨਹੀਂ।

ਵਫ਼ਾਤ

ਇਸ ਪਿੱਛੋਂ ਦਰਦ ਨੇ ਜ਼ੋਰ ਫੜ ਲਿਆ ਆਪ ਬੇਹੋਸ਼ ਗਏ। ਆਪ ਦੀਆਂ ਸੁਪਤਨੀਆਂ, ਫ਼ਾਤਿਮਾ (ਰ.), ਅੱਬਾਸ (ਰ.) ਅਤੇ ਅਲੀ ਆਪ ਕੋਲ ਜਮ੍ਹਾ ਹੋ ਗਏ, ਦਰਦ ਵਿੱਚ ਕੁੱਝ ਕਮੀ ਹੋਈ ਬੇਹੋਸ਼ੀ ਜਾਂਦੀ ਰਹੀ ਪਰੰਤੂ ਕਮਜ਼ੋਰੀ ਕਰਕੇ ਉੱਠ ਨਹੀਂ ਸਕਦੇ ਸਨ, ਹਜ਼ਰਤ ਅਬੂ ਬਕਰ ਨੂੰ ਨਮਾਜ਼ ਪੜ੍ਹਾਉਣ ਲਈ ਕਿਹਾ। ਅਬੂ ਬਕਰ ਨੇ ਆਪ ਦੀ ਬੀਮਾਰੀ ਦੀ ਹਾਲਤ ਵਿੱਚ ਤੇਰ੍ਹਾਂ ਨਮਾਜ਼ਾਂ ਪੜ੍ਹਾਈਆਂ। ਸੋਮਵਾਰ ਵਾਲੇ ਦਿਨ ਸਿਰ 'ਤੇ ਪੱਟੀ ਬੰਨ੍ਹ ਕੇ ਬਾਹਰ ਤਸ਼ਰੀਫ਼ ਲਿਆਏ। ਨਮਾਜ਼ ਪੜ੍ਹਨ ਤੋਂ ਬਾਅਦ ਲੋਕਾਂ ਨੂੰ ਕਿਹਾ ਕਿ ਲੋਕੋ! ਅੱਗ ਭੜਕੇਗੀ ਫ਼ਿਤਨੇ ਆਉਣਗੇ ਪਰੰਤੂ ਤੁਸੀਂ ਕੁਰਆਨ ਅਤੇ ਮੇਰੇ ਤਰੀਕੇ ਨੂੰ ਮੰਜ਼ਬੂਤੀ ਨਾਲ ਫੜੀ ਰੱਖਣਾ, ਇਸ ਵਿੱਚ ਛੁਟਕਾਰਾ ਹੈ, ਅਤੇ ਇਸ ਦੁਨੀਆ ਤੋਂ ਪਰਦਾ ਫਰਮਾ ਗਏ। ਆਪ ਤੋਂ ਬਾਅਦ ਸਭ ਦੀ ਰਾਇ ਨਾਲ ਹਜ਼ਰਤ ਅਬੂ ਬਕਰ ਨੂੰ ਖ਼ਲੀਫ਼ਾ ਮੁਕੱਰਰ ਕਰ ਦਿੱਤਾ ਗਿਆ। ਇਹਨਾਂ ਖ਼ਲੀਫ਼ਿਆਂ ਦੇ ਦੌਰ ਵਿੱਚ ਇਸਲਾਮ ਪੂਰਬ ਤੋਂ ਪੱਛਮ ਤੱਕ ਫੈਲ ਗਿਆ।

20-ਇਸਲਾਮ ਵਿਚ ਔਰਤ ਦਾ ਸਥਾਨ