ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ (ਸ.) ਨੇ ਫ਼ਰਮਾਇਆ ਕਿ 'ਲਾਇਹਾਲਾ ਇਲੱਲਾਹ' ਨੂੰ ਕਸਰਤ ਨਾਲ ਪੜ੍ਹਦੇ ਰਿਹਾ ਕਰੋ

(ਮਸਨਦ ਅਹਿਮਦ, ਤਿਬਰਾਨੀ, ਤਰਗ਼ੀਬ)

ਹਜ਼ਰਤ ਅਬੂ ਉਮਾਮਾ (ਰਜ਼ੀ.) ਤੋਂ ਰਵਾਇਤ ਹੈ ਕਿ ਇਕ ਆਦਮੀ ਨੇ ਹਜ਼ੂਰ (ਸ.) ਤੋਂ ਪੁੱਛਿਆ ਕਿ ਈਮਾਨ ਕੀ ਹੈ? ਆਪ (ਸ.) ਨੇ ਇਰਸ਼ਾਦ ਫ਼ਰਮਾਇਆ, ਜਦੋਂ ਤੁਸੀਂ ਕੋਈ ਚੰਗਾ ਕੰਮ ਕਰੋ ਤਾਂ ਖ਼ੁਸ਼ ਹੋਵੋ ਅਤੇ ਬੁਰੇ ਕੰਮ 'ਤੇ ਦੁਖੀ ਹੋਵੇ ਤਾਂ ਸਮਝੋ ਕਿ ਤੁਸੀਂ ਮੋਮਿਨ ਹੋ।

(ਮੁਸਤਦਰਕ ਹਾਕਿਮ)

ਹਜ਼ਰਤ ਮੁਹੰਮਦ (ਸ.) ਨੂੰ ਦੁਨੀਆ ਦੇ ਜ਼ੇਬ-ਓ-ਜ਼ੀਨਤ (ਬਣਾਓ ਸ਼ਿੰਗਾਰ) 'ਚ ਰਤਾ ਕੁ ਵੀ ਰੁਚੀ ਨਹੀਂ ਸੀ। ਆਪ ਨੇ ਇਸ ਸਬੰਧੀ ਫ਼ਰਮਾਇਆ ਹੈ।

ਹਜ਼ਰਤ ਉਮਾਮਾ (ਰਜ਼ੀ.) ਫ਼ਰਮਾਉਂਦੇ ਹਨ ਕਿ ਅੱਲਾਹ ਦੇ ਪਿਆਰੇ ਨਬੀ ਦੇ ਪਿਆਰੇ ਸਾਈਆਂ ਨੇ ਇਕ ਦਿਨ ਆਪ (ਸ.) ਦੇ ਸਾਹਮਣੇ ਦੁਨੀਆ ਦਾ ਜ਼ਿਕਰ ਕੀਤਾ। ਤਾਂ ਆਪ (ਸ.) ਨੇ ਇਰਸ਼ਾਦ ਫ਼ਰਮਾਇਆ, ਗੌਰ ਨਾਲ ਸੁਣੋ, ਧਿਆਨ ਦੇਵੋ! ਯਕੀਨਨ ਸਾਦਗੀ ਈਮਾਨ ਦਾ ਹਿੱਸਾ ਹੈ, ਯਕੀਨਨ ਸਾਦਗੀ ਈਮਾਨ ਦਾ ਹਿੱਸਾ ਹੈ।

ਹਜ਼ਰਤ ਉਸਮਾਨ (ਰਜ਼ੀ.) ਤੋਂ ਰਵਾਇਤ ਹੈ ਕਿ ਆਪ (ਸ.) ਨੇ ਇਰਸ਼ਾਦ ਫ਼ਰਮਾਇਆ, ਜਿਸ ਆਦਮੀ ਦੀ ਮੌਤ ਇਸ ਹਾਲ ਵਿਚ ਆਵੇ ਕਿ ਉਹ ਯਕੀਨ ਦੇ ਨਾਲ ਜਾਣਦਾ ਹੋਵੇ ਕਿ ਰੱਬ ਤੋਂ ਬਗੈਰ ਕੋਈ ਇਬਾਦਤ ਦੇ ਲਾਇਕ ਨਹੀਂ, ਉਹ ਜੰਨਤ ਵਿਚ ਦਾਖ਼ਲ ਹੋਵੇਗਾ।

(ਮੁਸਲਿਮ)

ਹਜ਼ਰਤ ਮਾਲਿਕ ਬਿਨ ਅਨਸ (ਹਿ.) ਫ਼ਰਮਾਉਂਦੇ ਹਨ ਕਿ ਮੈਨੂੰ ਇਹ ਰਵਾਇਤ ਪਹੁੰਚੀ ਹੈ ਕਿ ਅੱਲਾਹ ਦੇ ਨਬੀ ਨੇ ਇਰਸ਼ਾਦ ਫ਼ਰਮਾਇਆ ਕਿ ਮੈਂ ਤੁਹਾਡੇ ਕੋਲ ਦੋ ਚੀਜ਼ਾਂ ਛੱਡੀਆਂ ਹਨ, ਜਦੋਂ ਤੱਕ ਤੁਸੀਂ ਇਹਨਾਂ ਨੂੰ ਮਜ਼ਬੂਤੀ ਨਾਲ ਫੜੀ ਰਖੋਗੇ, ਕਦੀ ਵੀ ਗੁੰਮਰਾਹ ਨਹੀਂ ਹੋਵੋਗੇ। ਉਹ ਅੱਲਾਹ ਦੀ ਕਿਤਾਬ ਅਤੇ ਉਸ ਦੇ ਨਬੀ ਦਾ ਤਰੀਕਾ ਹੈ।

(ਮੌਤਾ ਇਮਾਮ ਮਾਲਿਕ)

ਹਜ਼ਰਤ ਅਬੂ ਹੁਰੈਰ੍ਹਾ (ਰਜ਼ੀ.) ਰਵਾਇਤ ਕਰਦੇ ਹਨ ਕਿ ਅੱਲਾਹ ਦੇ ਨਬੀ ਨੇ ਇਰਸ਼ਾਦ ਫ਼ਰਮਾਇਆ: ਸੱਤ ਚੀਜ਼ਾਂ ਤੋਂ ਪਹਿਲਾਂ ਨੇਕ ਕੰਮ ਕਰਨ 'ਚ ਛੇਤੀ ਕਰੋ। ਕੀ ਤੁਹਾਨੂੰ ਅਜਿਹੀ ਤੰਗਦਸਤੀ ਦਾ ਇੰਤਜ਼ਾਰ ਹੈ ਜੋ ਸਭ ਕੁਝ ਭੁਲਾ ਦੇਵੇ ਜਾਂ ਅਜਿਹੀ ਮਾਲਦਾਰੀ ਦਾ ਜੋ ਬਾਗੀ ਬਣਾ ਦੇਵੇ ਜਾਂ ਅਜਿਹੀ ਬਿਮਾਰੀ ਦਾ ਜੋ ਨਕਾਰਾ ਕਰ ਦੇਵੇ, ਜਾਂ ਅਜਿਹੇ ਬੁਢੇਪੇ ਜੋ ਅਕਲ ਗੁਆ ਦੇਵੇ ਜਾਂ ਅਜਿਹੀ ਮੌਤ ਦਾ ਜੋ ਅਚਾਨਕ ਆ ਜਾਵੇ (ਕਿ ਕਈ ਵਾਰੀ ਤੌਬਾ ਕਰਨ ਦਾ ਮੌਕਾ ਨਹੀਂ ਮਿਲਦਾ) ਜਾਂ ਦੱਜਾਲ ਦਾ ਜੋ ਆਉਣ ਵਾਲੀਆਂ ਛੁਪੀਆਂ ਬੁਰਾਈਆਂ ਵਿਚੋਂ ਸਭ ਤੋਂ ਭੈੜੀ ਬਰਾਈ ਹੈ ਜਾਂ ਕਿਆਮਤ ਦਾ? ਕਿ ਕਿਆਮਤ ਤਾਂ ਬਹੁਤ ਸਖ਼ਤ ਅਤੇ ਕੌੜੀ ਚੀਜ਼ ਹੈ।

23-ਇਸਲਾਮ ਵਿਚ ਔਰਤ ਦਾ ਸਥਾਨ