ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦੇ ਰਹਿੰਦੇ ਹਨ ਉਹਨਾਂ ਨੂੰ ਕਿਆਮਤ ਵਾਲੇ ਦਿਨ ਦੇ ਪੂਰੇ ਪੂਰੇ ਨੂਰ (ਰੌਸ਼ਨੀ) ਦੀ ਖ਼ੁਸ਼ਖ਼ਬਰੀ ਸੁਣਾ ਦੇਵੋ। (ਅਬੂ ਦਾਊਦ)

ਹਜ਼ਰਤ ਹਿਲ-ਬਿਨ-ਸਅਦ (ਰਜੀ.) ਫ਼ਰਮਾਉਂਦੇ ਹਨ ਕਿ ਹਜ਼ਰਤ ਜਿਬਰਾਇਲ (ਅਲੈਹਿ.) ਨਬੀ-ਏ-ਕਰੀਮ (ਸ.) ਦੀ ਖ਼ਿਦਮਤ 'ਚ ਹਾਜ਼ਰ ਹੋਏ ਅਤੇ ਅਰਜ਼ ਕੀਤੀ, ਮੁਹੰਮਦ! (ਸ.) ਤੁਸੀ ਜਿੰਨਾ ਚਿਰ ਜਿਊਂਦੇ ਰਹੋ ਮੌਤ ਇੱਕ ਦਿਨ ਆਉਣੀ ਹੈ ਤੁਸੀਂ ਜੋ ਚਾਹੋ ਅਮਲ ਕਰੋ ਉਸਦਾ ਬਦਲਾ ਤੁਹਾਨੂੰ ਦਿੱਤਾ ਜਾਵੇਗਾ ਜਿਸ ਨਾਲ ਚਾਹੋ ਮੁਹੱਬਤ ਕਰੋ ਆਖ਼ਿਰ ਇੱਕ ਦਿਨ ਉਸ ਤੋਂ ਜੁਦਾ ਹੋਣਾ ਹੈ। ਜਾਣ ਲਓ ਕਿ ਮੋਮਿਨ ਦੀ ਬਜ਼ੁਰਗੀ ਤਹੱਜੁਦ ਪੜ੍ਹਨ ਵਿਚ ਹੈ ਅਤੇ ਮੋਮਿਨ ਦੀ ਇੱਜ਼ਤ ਲੋਕਾਂ ਤੋਂ ਬੇ-ਪਰਵਾਹ ਰਹਿਣ ਵਿਚ ਹੈ।

(ਤਰਸ਼ੀਬ)

ਹਜ਼ਰਤ ਅਬੂ ਹੁਰੈਰ੍ਹਾ (ਰਜ਼ੀ.) ਤੋਂ ਰਵਾਇਤ ਹੈ ਕਿ ਅੱਲਾਹ ਦੇ ਨਬੀ (ਸ.) ਨੇ ਇਰਸ਼ਾਦ ਫ਼ਰਮਾਇਆ: ਬੰਦਾ ਨਮਾਜ਼ ਦੇ ਦੌਰਾਨ ਸਜਦੇ ਦੀ ਹਾਲਤ ਵਿਚ ਰੱਬ ਦੇ ਸਭ ਤੋਂ ਜ਼ਿਆਦਾ ਨੇੜੇ ਹੁੰਦਾ ਹੈ ਇਸ ਲਈ (ਇਸ ਹਾਲਤ 'ਚ) ਖ਼ੂਬ ਦੁਆਵਾਂ ਕਰਿਆ ਕਰੋ।

(ਮੁਸਲਿਮ)

ਹਜ਼ਰਤ ਅਬਦੁੱਲ੍ਹਾ ਬਿਨ ਊਮਰ (ਰਜ਼ੀ.) ਰਵਾਇਤ ਕਰਦੇ ਹਨ ਕਿ ਅੱਲਾਹ ਦੇ ਨਬੀ (ਸ.) ਨੇ ਇਰਸ਼ਾਦ ਫ਼ਰਮਾਇਆ: ਉਸ ਆਦਮੀ ਵਾਂਗ ਨਮਾਜ਼ ਪੜ੍ਹਿਆ ਕਰੋ ਜਿਹੜਾ ਸਭ ਤੋਂ ਵਿਦਾ ਹੋਣ ਵਾਲਾ ਹੋਵੇ ਭਾਵ ਜਿਸ ਨੂੰ ਗੁਮਾਨ ਹੋਵੇ ਕਿ ਇਹ ਮੇਰੀ ਜ਼ਿੰਦਗੀ ਦੀ ਆਖ਼ਰੀ ਨਮਾਜ਼ ਹੈ। ਇਸ ਤਰ੍ਹਾਂ ਨਮਾਜ਼ ਪੜ੍ਹੋ ਜਿਵੇਂ ਤੁਸੀਂ ਅੱਲਾਹ ਨੂੰ ਵੇਖ ਰਹੇ ਹੋਵੋ। ਜੇਕਰ ਇਹ ਹਾਲਤ ਪੈਦਾ ਨਾ ਹੋ ਸਕੇ ਤਾਂ ਘੱਟੋ ਘੱਟ ਇਹ ਕੈਫ਼ੀਅਤ ਜ਼ਰੂਰ ਹੋਵੇ ਕਿ ਅੱਲਾਹ ਤਆਲਾ ਤੁਹਾਨੂੰ ਵੇਖ ਰਹੇ ਹਨ।(ਜਾਮੇ-ਉਸ-ਸਗੀਰ)

ਹਜ਼ਰਤ ਅਬਦੁੱਲ੍ਹਾ (ਰਜ਼ੀ.) ਫ਼ਰਮਾਉਂਦੇ ਹਨ ਕਿ ਮੈਂ ਅੱਲਾਹ ਦੇ ਨਬੀ (ਸ.) ਨੂੰ ਨਮਾਜ਼ ਪੜ੍ਹਦੇ ਹੋਏ ਵੇਖਿਆ, ਆਪ ਦੇ ਮੁਬਾਰਕ ਸੀਨੇ 'ਚੋਂ ਰੋਣ ਦੀ ਆਵਾਜ਼ (ਸਾਹ ਰੁਕਨ ਕਰਕੇ) ਲਗਾਤਾਰ ਇਸ ਤਰ੍ਹਾ ਆ ਰਹੀ ਸੀ ਜਿਵੇਂ ਚੱਕੀ ਦੀ ਆਵਾਜ਼ ਹੁੰਦੀ ਹੈ।

(ਅਬੂ ਦਾਊਦ)

ਹਜ਼ਰਤ ਉਮਰ ਬਿਨ ਖ਼ੱਤਾਬ (ਰਜ਼ੀ.) ਫ਼ਰਮਾਉਂਦੇ ਹਨ ਕਿ ਮੈਂ ਅੱਲਾਹ ਦੇ ਨਬੀ ਨੂੰ ਇਹ ਇਰਸ਼ਾਦ ਫ਼ਰਮਾਉਂਦੇ ਹੋਏ ਸੁਣਿਆ: ਜਿਸ ਨੇ ਕੋਈ ਮਸਜਿਦ ਬਣਾਈ ਜਿਸ ਵਿਚ ਰੱਬ ਦਾ ਨਾਂ ਲਿਆ ਜਾਂਦਾ ਹੋਵੇ ਤਾਂ ਅੱਲਾਹ ਉਸ ਦੇ ਲਈ ਜੰਨਤ ਵਿਚ ਇਕ ਮਹਿਲ ਬਣਾ ਦਿੰਦੇ ਹਨ।

(ਇਬਨ-ਏ-ਹਵਾਨ)

25-ਇਸਲਾਮ ਵਿਚ ਔਰਤ ਦਾ ਸਥਾਨ