ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਸੰਕੋਚ ਕੀਤਾ ਜਾਵੇ। ਰੋਜ਼ੇ ਦਾ ਇਕ ਵਿਸ਼ੇਸ਼ ਫ਼ਾਇਦਾ ਇਹ ਵੀ ਹੈ ਕਿ ਇਨਸਾਨ ਅੰਦਰ ਰੱਬ ਦੇ ਡਰ-ਭੈਅ ਦੀ ਸਿਫ਼ਤ ਪੈਦਾ ਹੁੰਦੀ ਹੈ। ਮਨ ਦੀਆਂ ਇੱਛਾਵਾਂ ਤੇ ਕੰਟਰੋਲ ਕਰਨ ਦੀ ਤਾਕਤ ਆਉਂਦੀ ਹੈ। ਰੂਹ ਮਜ਼ਬੂਤ ਬਣਦੀ ਹੈ ਜੋ ਸਰੀਰ ਦੀ ਅਸਲ ਚੀਜ਼ ਹੈ। ਮਜ਼ਬੂਤ ਰੂਹ ਹੀ ਇਨਸਾਨ ਨੂੰ ਬੁਰੀਆਂ ਹਰਕਤਾਂ, ਪਾਪਾਂ, ਝੂਠ ਬੋਲਣ, ਘੱਟ ਤੋਲਣ, ਚੁਗ਼ਲੀ ਕਰਨ ਅਤੇ ਦੂਜਿਆਂ ਨੂੰ ਧੋਖਾ ਦੇਣ ਤੋਂ ਰੋਕੇਗੀ। ਹਜ਼ਰਤ ਮੁਹੰਮਦ (ਸ.) ਦਾ ਫ਼ਰਮਾਨ ਹੈ:-

"ਤੁਹਾਡੇ ਵਿਚੋਂ ਜਦੋਂ ਕਿਸੇ ਦਾ ਰੋਜ਼ੇ ਦਾ ਦਿਨ ਹੋਵੇ ਤਾਂ ਚਾਹੀਦਾ ਹੈ ਕਿ ਕੋਈ ਗੰਦੀ ਅਤੇ ਬੁਰੀ ਗੱਲ ਮੂੰਹੋਂ ਨਾ ਬੋਲੇ ਅਤੇ ਜ਼ਿਆਦਾ ਸ਼ੋਰ ਸ਼ਰਾਬਾ ਵੀ ਨਾ ਕਰੇ। ਜੇਕਰ ਕੋਈ ਆਦਮੀ ਉਸ ਨਾਲ ਝਗੜੇ ਅਤੇ ਗਾਲਾਂ ਕੱਢੇ ਤਾਂ ਉਸ ਨੂੰ ਇਹ ਕਹਿ ਦੇਵੇ ਕਿ ਮੈਂ ਰੋਜ਼ੇਦਾਰ ਹਾਂ। ਇਸ ਲਈ ਤੁਹਾਡੀਆਂ ਗਾਲਾਂ ਦੇ ਜਵਾਬ ਵਿਚ ਮੈਂ ਗਾਲਾਂ ਨਹੀਂ ਦੇ ਸਕਦਾ।"

ਦਰਅਸਲ ਰੋਜ਼ੇ ਮਨੁੱਖ ਨੂੰ ਮਨੁੱਖ ਬਨਾਉਣ ਲਈ ਰਿਫ਼ਰੈਸ਼ਰ ਕੋਰਸ ਦਾ ਕੰਮ ਕਰਦੇ ਹਨ। ਦੁਨੀਆਂ ਦੀਆਂ ਧਾਰਮਿਕ ਕਠੋਰ ਤਪੱਸਿਆਵਾਂ ਵਿਚੋਂ ਇਕ ਹਨ। ਰੋਜ਼ਾ ਰਖ ਕੇ ਇਨਸਾਨ ਨੂੰ ਗ਼ਰੀਬ ਦੀ ਭੁੱਖ ਦਾ ਅਹਿਸਾਸ ਹੁੰਦਾ ਹੈ। ਰੱਬ ਨਾਲ ਸਿੱਧਾ ਸੰਪਰਕ ਜੁੜਦਾ ਹੈ। ਸਰੀਰਕ ਮਸ਼ੀਨਰੀ ਨੂੰ ਇਕ ਮਹੀਨਾ ਅਰਾਮ ਮਿਲਦਾ ਹੈ। ਇਸ ਨਾਲ ਉਮਰ ਵਿਚ ਵਾਧਾ ਹੁੰਦਾ ਹੈ। ਕਿੰਨੀਆਂ ਸਰੀਰਕ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ।

ਜ਼ਕਾਤ

ਜ਼ਕਾਤ ਇਸਲਾਮ ਦਾ ਉਹ ਵਿਸ਼ੇਸ਼ ਥੰਮ੍ਹ ਹੈ ਜਿਸ ਨਾਲ ਮੋਹ-ਮਾਇਆ ਘਟਦਾ ਅਤੇ ਦੂਜਿਆਂ ਨਾਲ ਹਮਦਰਦੀ ਕਰਨ ਦੀ ਸਿਫ਼ਤ ਪੈਦਾ ਹੁੰਦੀ ਹੈ। ਜ਼ਕਾਤ ਦੇ ਅਰਥ ਇਹ ਹਨ ਕਿ ਜਿਸ ਮੁਸਲਮਾਨ ਕੋਲ ਸਾਢੇ ਸੱਤ ਤੋਲੇ ਸੋਨਾ ਜਾਂ ਸਾਢੇ ਬਵੰਜਾ ਤੋਲੇ ਚਾਂਦੀ ਜਾਂ ਏਨੀ ਮਾਲੀਅਤ ਦਾ ਤਜਾਰਤ ਦਾ ਮਾਲ ਹੋਵੇ ਉਸ ਲਈ ਜ਼ਰੂਰੀ ਹੈ ਕਿ ਉਸ ਦੀ ਪ੍ਰਚੱਲਤ ਕੀਮਤ 'ਤੇ ਢਾਈ ਪ੍ਰਤੀਸ਼ਤ ਗ਼ਰੀਬਾਂ, ਮਸਕੀਨਾਂ ਅਤੇ ਅਨਾਥਾਂ ਨੂੰ ਜ਼ਕਾਤ ਦੇ ਦੇਵੇ। ਕੁਰਆਨ ਮਜੀਦ ਵਿਚ ਥਾਂ ਥਾਂ 'ਅਕੀ ਮੁੱਲਾਤ ਵ ਅਤਾ ਅੱਜ਼ਕਾਤ' ਭਾਵ 'ਨਮਾਜ਼ ਕਾਇਮ ਕਰੋ ਅਤੇ ਜ਼ਕਾਤ ਅਦਾ ਕਰੋ' ਦਾ ਜ਼ਿਕਰ ਆਇਆ ਹੈ।

ਜ਼ਕਾਤ ਦੇਣਾ ਜ਼ਰੂਰਤ ਮੰਦਾਂ ਦੀ ਸੇਵਾ ਕਰਨਾ ਹੈ ਅਤੇ ਜ਼ਕਾਤ ਨਾ ਦੇਣਾ ਉਹਨਾਂ ਦਾ ਹੱਕ ਮਾਰਨਾ ਹੈ। ਰੱਬ ਵੱਲੋਂ ਦਿੱਤਾ ਹੋਇਆ ਮਾਲ ਰੱਬ ਦੇ ਬੰਦਿਆਂ 'ਤੇ ਖ਼ਰਚ ਕਰ ਦੇਣਾ ਸਮਝਦਾਰੀ ਹੈ। ਜ਼ਕਾਤ ਨੂੰ ਰੋਕ ਲੈਣਾ ਰੱਬ ਨੂੰ ਨਰਾਜ਼ ਕਰਨਾ

27-ਇਸਲਾਮ ਵਿਚ ਔਰਤ ਦਾ ਸਥਾਨ