ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਲਾਮ ਅਤੇ ਜਿਹਾਦ

ਜਿਹਾਦ ਅਰਬੀ ਦਾ ਸ਼ਬਦ ਹੈ ਜਿਸ ਦੇ ਅਰਥ ਯਤਨ ਕਰਨਾ, ਹਥਿਆਰ ਚੁੱਕਣਾ, ਹੱਕ-ਸੱਚ ਲਈ ਲੜਨਾ, ਧਰਮ-ਯੁੱਧ ਅਤੇ ਧਰਮ ਦੀ ਹਿਮਾਇਤ ਕਰਨ ਦੇ ਹਨ। ਇਸਲਾਮ ਨੇ ਜੋ ਯੁੱਧ ਦੀ ਵਿਆਖਿਆ ਕੀਤੀ ਹੈ ਉਹ ਸਾਰੀਆਂ ਵਹਿਸ਼ੀਆਨਾ ਜੰਗਾਂ ਤੋਂ ਉਲਟ ਹੈ। ਇਸ ਦਾ ਸਹੀ ਅੰਦਾਜ਼ਾ ਉਸ ਵੇਲੇ ਹੀ ਲਾਇਆ ਜਾ ਸਕਦਾ ਹੈ ਜਦੋਂ ਹੋਰ ਧਰਮਾਂ ਦੇ ਜੰਗੀ ਨਿਯਮਾਂ ਨਾਲ ਤੁਲਨਾ ਕੀਤੀ ਜਾਵੇ। ਕਿਸੇ ਧਰਮ ਬਾਰੇ ਗ਼ਲਤ ਫ਼ਹਿਮੀਆਂ ਉਸ ਵੇਲੇ ਪੈਦਾ ਹੁੰਦੀਆਂ ਹਨ ਜਦੋਂ ਉਸ ਧਰਮ ਦਾ ਗਿਆਨ ਨਾ ਹੋਵੇ ਜਾਂ ਪੱਖਪਾਤ ਦੇ ਸੌੜੇ ਹਿੱਤਾਂ ਨੂੰ ਮੁੱਖ ਰੱਖਿਆ ਜਾਵੇ। ਇੰਝ ਹੀ ਮੇਰੇ ਦੇਸ਼ ਮਹਾਨ ਵਿਚ ਕੁਝ ਵਿਸ਼ੇਸ਼ ਲੋਕਾਂ ਅਤੇ ਯਹੂਦੀ ਲਾਬੀ ਨੇ ਇਸਲਾਮ ਧਰਮ ਦੇ ਖ਼ਿਲਾਫ਼ ਪਰਚਾਰ ਕਰਨਾ ਆਪਣਾ ਬੁਨਿਆਦੀ ਫ਼ਰਜ਼ ਸਮਝਿਆ ਹੋਇਆ ਹੈ।

ਪੂਰੀ ਦੁਨੀਆ ਵਿਚ ਇਸਲਾਮ ਹੀ ਇਕ ਅਜਿਹਾ ਧਰਮ ਹੈ ਜਿਸ ਨੇ ਜੰਗਾਂ ਨੂੰ ਪਾਪ ਗਰਦਾਨਿਆ ਹੈ। ਆਮ ਹਾਲਤਾਂ ਵਿਚ ਇਸ ਨੂੰ ਨਾ-ਪਸੰਦ ਕੀਤਾ ਹੈ। ਪਰੰਤੂ ਜਦੋਂ ਜ਼ਮੀਨ ਬੁਰਾਈ ਅਤੇ ਲੜਾਈ ਦਾ ਗਹਿਵਾਰਾ ਬਣ ਜਾਵੇ ਤਾਂ ਫਿਰ ਜੰਗ ਨੂੰ ਲੱਬੈਕ ਆਖਣਾ ਪੈਂਦਾ ਹੈ। ਅਖਾਣ ਮਸ਼ਹੂਰ ਹੈ ਤੰਗ ਆਮਦ ਬਗ ਆਮਦ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜ਼ਫ਼ਰਨਾਮੇ ਵਿਚ ਫ਼ਰਮਾਇਆ ਹੈ:-

ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ-ਏ-ਦਸਤ

ਇਹ ਗੱਲ ਵੀ ਧਿਆਨ ਯੋਗ ਹੈ ਕਿ ਲੜਾਈ ਵੇਲੇ ਤਾਕਤ ਦਾ ਪ੍ਰਯੋਗ ਵੀ ਬੁਰਾਈ ਜਾਂ ਲੜਾਈ ਨੂੰ ਬੰਦ ਕਰਨ ਜਿੰਨਾ ਹੀ ਕੀਤਾ ਜਾਵੇ। ਅਜਿਹੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਜਿਹਾਦ ਸ਼ਬਦ ਆਖਿਆ ਜਾਣ ਲੱਗਾ। ਮੁਜਾਹਿਦ ਨਿੱਜੀ ਦੁਸ਼ਮਣੀ, ਬਦਲੇ ਦੀ ਭਾਵਨਾ, ਮਾਲ ਦੌਲਤ ਦੇ ਲਾਲਚ ਜਾਂ ਕੁਰਸੀ ਦੀ ਖ਼ਾਤਿਰ ਜਿਹਾਦ ਨਹੀਂ ਕਰ ਸਕਦਾ।

43-ਇਸਲਾਮ ਵਿਚ ਔਰਤ ਦਾ ਸਥਾਨ