ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਪਸੰਦ ਨਹੀਂ ਕਰਿਆ ਕਰਦੇ ਸਨ। ਜੇ ਕਿਸੇ ਕਾਰਨ ਜੰਗ ਦੀ ਨੌਬਤ ਆ ਜਾਵੇ ਤਾਂ ਆਪ ਨੇ ਫ਼ਰਮਾਇਆ "ਕਿਸੇ ਕਮਜ਼ੋਰ ਬੁੱਢੇ, ਛੋਟੇ ਬੱਚੇ ਅਤੇ ਔਰਤਾਂ ਤੇ ਹੱਥ ਨਾ ਚੁੱਕਣਾ, ਮਾਲ-ਏ-ਗ਼ਨੀਮਤ 'ਚ ਚੋਰੀ ਨਾ ਕਰਨਾ, ਜੰਗ ਦੌਰਾਨ ਮਿਲੀਆਂ ਚੀਜ਼ਾਂ ਨੂੰ ਇਕ ਥਾਂ ਇਕੱਠੀਆਂ ਕਰ ਲੈਣਾ, ਨੇਕੀ ਅਤੇ ਅਹਿਸਾਨ ਦਾ ਮਾਮਲਾ ਕਰਿਆ ਕਰਨਾ, ਕਿਉਂਕਿ ਅੱਲਾਹ ਅਹਿਸਾਨ ਕਰਨ ਵਾਲਿਆ ਨੂੰ ਪਸੰਦ ਕਰਿਆ ਕਰਦਾ ਹੈ"।

(ਅਬੂ ਦਾਊਦ 2247)

ਹਜ਼ਰਤ ਇਬਨੇ ਅੱਬਾਸ (ਰਜ਼ੀ.) ਤੋਂ ਰਵਾਇਤ ਹੈ ਕਿ ਹਜ਼ਰਤ ਮੁਹੰਮਦ (ਸ.) ਜਦੋਂ ਕਿਸੇ ਥਾਂ ਫ਼ੌਜ ਭੇਜਦੇ ਤਾਂ ਆਪ ਉਹਨਾਂ ਨੂੰ ਨਸੀਹਤ ਕਰਦੇ ਕਿ ਘਰਾਂ 'ਚ ਵਸਦੇ ਲੋਕਾਂ ਨੂੰ ਨਾ ਮਾਰਨਾ। ਜਦੋਂ ਕਿ ਉਸ ਸਮੇਂ ਲੜਾਈ ਦੇ ਤੌਰ ਤਰੀਕੇ ਨਿਵੇਕਲੇ ਢੰਗ ਦੇ ਸਨ। ਕਿਸੇ ਥਾਂ ਜੇਕਰ ਕਾਫ਼ਲਾ ਰਾਹੀਂ ਪਹੁੰਚਦਾ ਤਾਂ ਸਵੇਰੇ ਤੱਕ ਹਮਲਾ ਨਹੀਂ ਕਰਦੇ ਸਨ। ਜੰਗ ਸਮੇਂ ਲੁੱਟ-ਖਸੁਟ, ਤਬਾਹੀ-ਬਰਬਾਦੀ, ਦਰੱਖ਼ਤਾਂ ਨੂੰ ਕੱਟਣਾ, ਖੇਤਾਂ ਦੀ ਬਰਬਾਦੀ, ਪਸ਼ੂਆਂ ਨੂੰ ਮਾਰਨਾ, ਬੱਚਿਆਂ 'ਤੇ ਹੱਥ ਚੁੱਕਣਾ, ਬੁੱਢਿਆਂ ਜਾਂ ਜ਼ਨਾਨੀਆਂ ਨੂੰ ਮਾਰਨਾ ਬੁਰਾ ਸਮਝਿਆ ਜਾਂਦਾ ਸੀ। ਕਾਫ਼ਲਾ ਰਵਾਨਾ ਕਰਨ ਸਮੇਂ ਰੱਬੀ ਡਰ-ਭੈਅ ਦੀ ਵਿਸ਼ੇਸ਼ ਤੌਰ ’ਤੇ ਨਸੀਹਤ ਕਰਦੇ ਸਨ।

ਇਸੇ ਤਰ੍ਹਾਂ ਹਜ਼ਰਤ ਅਬੂ ਬਕਰ (ਰਜ਼ੀ.) ਨੇ ਆਪਣੇ ਕਾਰਜਕਾਲ ਦੌਰਾਨ ਇੱਕ ਕਾਫ਼ਲਾ ਸੀਰੀਆ (ਸ਼ਾਮ) ਵੱਲ ਭੇਜਿਆ, ਉਹਨਾਂ ਨੂੰ ਆਪ ਨੇ ਦਸ ਨਸੀਹਤਾਂ ਕੀਤੀਆਂ:-

ਔਰਤਾਂ, ਬੱਚਿਆਂ ਅਤੇ ਬੁੱਢਿਆਂ ਨੂੰ ਨਾ ਮਾਰਨਾ, ਇਬਾਦਤ ਗੁਜ਼ਾਰ ਬੰਦਿਆਂ (ਭਗਤੀ ਕਰਨ ਵਾਲਿਆਂ ਨੂੰ ਨਾ ਸਤਾਉਣਾ ਅਤੇ ਨਾ ਇਹਨਾਂ ਦੇ ਧਰਮ ਅਸਥਾਨਾਂ ਨੂੰ ਢਾਹੁਣਾ, ਕੋਈ ਫਲਦਾਰ ਦਰੱਖ਼ਤ ਨੂੰ ਨਾ ਕੱਟਣਾ, ਨਾ ਹੀ ਖੇਤਾਂ ਨੂੰ ਜਲਾਉਣਾ ਜਾਂ ਬਰਬਾਦ ਕਰਨਾ, ਆਬਾਦੀਆਂ ਨੂੰ ਵੀਰਾਨ ਨਾ ਕਰਨਾ, ਜਾਨਵਰਾਂ ਨੂੰ ਨਾ ਮਾਰਨਾ, ਵਚਨਵੱਧ ਰਹਿਣਾ, ਮਾਲ-ਏ-ਗ਼ਨੀਮਤ 'ਚ ਖ਼ਿਆਨਤ ਨਾ ਕਰਨਾ ਅਤੇ ਜੰਗ ਦੌਰਾਨ ਪਿੱਠ ਨਾ ਵਿਖਾਉਣਾ।

ਇਹੋ ਕਾਰਨ ਸੀ ਕਿ ਜਦੋਂ ਮੁਜਾਹਿਦ ਦੇ ਸਨਮੁੱਖ ਉਪਰੋਕਤ ਗੱਲਾਂ ਸਨ ਤਾਂ ਜਿੱਧਰ ਵੀ ਗਏ ਉੱਧਰ ਹੀ ਅਮਨ ਅਮਾਨ ਦੀਆਂ ਬਹਾਰਾਂ ਆ ਗਈਆਂ। ਲੋਕਾਂ ਨੇ ਅਜਿਹੇ ਬੰਦਿਆਂ ਨੂੰ ਖਿੜੇ ਮੱਥੇ ਸਵੀਕਾਰਿਆ। ਅਜਿਹੇ ਲੋਕਾਂ ਨੂੰ ਅਮਨ ਸ਼ਾਂਤੀ ਦੇ ਮਸੀਹੇ ਦੱਸਿਆ। ਦਰਅਸਲ ਇਸਲਾਮ ਨੇ ਜੰਗ ਦੌਰਾਨ ਫੜੇ ਕੈਦੀਆਂ ਨਾਲ ਵੀ ਵਿਲੱਖਣ ਢੰਗ ਨਾਲ ਵਰਤਾਓ ਕਰਨ ਦੀ ਸਿੱਖਿਆ ਦਿੱਤੀ

45-ਇਸਲਾਮ ਵਿਚ ਔਰਤ ਦਾ ਸਥਾਨ